Monday, July 5, 2010


ਕਿਤਾਬ

ਜਦ ਵੀ ਵੇਖੋ
ਬੁਲਾਉਂਦੀ ਇਸ਼ਾਰੇ ਨਾਲ
ਤਾਂਘਦੀ ਉਂਗਲਾਂ ਦੀ ਛੋਹ ਨੂੰ
ਪੋਟਿਆਂ ਨਾਲ ਖੁੱਲ•ਦੀ ਹੈ
ਕੰਬਦੀ
ਲਰਜ਼ਦੀ
ਅੰਦਰ ਜਗਾਉਂਦੀ
ਚਿਰਾਗ਼ ਮੁਹੱਬਤ ਦੇ
ਉਥਲ ਪੁਥਲ ਮਚਾਉਂਦੀ ਹੈ ਦਿਮਾਗ਼ 'ਚ
ਨਫ਼ਰਤ
ਅੱਗ
ਸੀਤ ਬਾਰਿਸ਼
ਝਰਨੇ ਦੇ ਵਹਿਣ ਵਾਂਗ
ਪੁਰੇ ਦੀ ਵਾ ਜਹੀ
ਸੁਗੰਧ ਸੁਗੰਧ ਕਰ ਜਾਂਦੀ ਹੈ

ਅੱਖਰ ਉਹਦੇ
ਅੱਖਾਂ ਅੱਗੇ ਨੱਚਦੇ ਘੁੰਮਦੇ
ਬਦਲ ਬਦਲ ਕੇ ਸ਼ਕਲਾਂ
ਜਿਉਂ ਉੱਡਦੇ ਅਸਮਾਨੀਂ ਬੱਦਲ
ਚੇਤਨਾ 'ਚ ਮਘ•ਦੇ
ਲਿਸ਼ਕਦੇ
ਤੁਹਾਡੀਆਂ ਕਈ ਦਿਸ਼ਾਵਾਂ
ਤੇ ਰਾਹ
ਬਦਲ ਦਿੰਦੀ ਹੈ ਕਿਤਾਬ

ਕਿਤਾਬ
ਰੈਕ 'ਚੋਂ ਹੱਥਾਂ ਵਿਚੀਂ ਹੁੰਦੀ
ਆਪਣੇ ਸ਼ਬਦਾਂ ਨਾਲ
ਘਰਾਂ
ਮਹੱਲਾਂ
ਖੰਡਰਾਂ ਥੇਹਾਂ
ਤਨਾਂ ਮਨਾਂ ਦੇ ਵਿਚੀਂ ਲੰਘਦੀ
ਅਸਮਾਨੀ ਬ੍ਰਹਿਮੰਡੀਂ ਘੁੰਮਦੀ
ਖੁਦ ਜਾ ਬੈਠਦੀ ਹੈ
ਵਾਪਸ ਰੈਕ ਵਿਚ
ਤੇ
ਇਕ ਤਰਥੱਲੀ ਮਚਾਉਂਦੀ
ਇਕ ਅੱਚਵੀਂ ਜਹੀ ਲਾਉਂਦੀ
ਤੁਹਾਡੇ ਧੁਰ ਅੰਦਰ
ਕਿਤੇ ਵਸ ਜਾਂਦੀ ਹੈ
ਕਿਤਾਬ