Sunday, February 3, 2013

Aashram Poetry

ਆਸ਼ਰਮ
ਸਵਰਨਜੀਤ ਸਵੀ
2005, 2012



ਬਾਪੂ ਅਜੈਬ ਸਿੰਘ
ਨੂੰ ਸਮਰਪਿਤ 




ਆਸ਼ਰਮ : ਆਦਿਕਾ

ਸਾਡੇ ਰਿਸ਼ੀਆਂ ਮੁਨੀਆਂ ਨੇ ਮੌਤ ਤੋਂ ਬਚਣ ਲਈ ਆਤਮਾ ਦੇ ਸੰਕਲਪ ਦੀ ਖੋਜ ਕੀਤੀ ਸੀ। ਪਰ ਕਿਉਂਕਿ ਸਵਰਨਜੀਤ ਸਵੀ ਇਸ ਪਾਰਗਾਮੀ ਆਤਮਾ ਦੇ ਮੁਕਾਬਲੇ ਨਾਸ਼ਵਾਨ ਦੇਹ ਨੂੰ ਵਧੇਰੇ ਮਹੱਤਵ ਦਿੰਦਾ ਹੈ, ਇਸ ਲਈ ਉਸਦਾ ਕਾਲ ਦੇ ਇਸ ਆਤੰਕ ਨਾਲ ਟਾਕਰਾ ਲਗਭਗ ਤਹਿ ਹੀ ਸੀ:

ਨਹੀਂ
ਤੇਰੇ ਤੋਂ ਨਹੀਂ
ਮੈਂ ਤਾਂ ਇਸ ਲਈ ਡਰਦਾ ਹਾਂ
ਕਿ ਮੈਨੂੰ ਪਤਾ ਹੈ
ਕਿ ਤੂੰ ਆਉਣਾ ਹੈ ਇਕ ਦਿਨ

ਬਸ ਜੇ ਨਹੀਂ ਪਤਾ ਲਾਂ ਏਨਾ 
ਕਿ ਕਦ ਆਉਣਾ ਹੈ
  ਉਹ ਪਲ

ਮੈਂ ਤਾਂ
ਉਸ ਪਲ ਦੀ ਉਡੀਕ 'ਚ ਡਰਦਾ ਹਾਂ

ਸਵਰਨਜੀਤ ਸਵੀ ਆਤਮਾ ਦੇ ਸੰਕਲਪ ਨੂੰ ਬਿਨਾਂ ਵਜ•ਾ ਹੀ ਰੱਦ ਨਹੀਂ ਕਰ ਦਿੰਦਾ। ਉਹ ਜਾਣਦਾ ਹੈ ਕਿ ਆਤਮਾ ਦੇ ਇਸ ਸੰਕਲਪ ਨੇ 'ਪੁਨਰ ਜਨਮ' ਅਤੇ 'ਕਰਮਾਂ' ਦੀ ਫਿਲਾਸਫੀ ਨਾਲ ਰਲ ਕੇ ਕਿਵੇਂ ਜਗੀਰੂ ਦਬਦਬਾ ਸਥਾਪਤ ਕੀਤਾ ਸੀ:

ਤੇਰੀ ਅਚਾਨਕ ਦਿੱਤੀ ਜਾਣ ਵਾਲੀ
ਦਸਤਕ ਦੇ ਡਰ 'ਚੋਂ
 ਮੈਂ ਜਿਉਣਾ ਚਾਹੁੰਦਾ ਹਾਂ
 ਭਰਪੂਰ ਜ਼ਿੰਦਗੀ

ਤੇ ਫਿਰ
ਕਲਾ ਕਵਿਤਾ ਰਾਹੀਂ
 ਵਾਹੁਣੀ ਚਾਹੁੰਦਾ ਹਾਂ ਮਹੀਨ ਜਹੀ ਲੀਕ
  ਵਕਤ ਦੀ ਨੀਲ ਨਦੀ ਤੇ

ਤੇ ਇਸ ਦਸਤਕ ਨੂੰ
ਇਹ ਧਰਮਾਂ ਕਰਮਾਂ ਵਾਲ
 ਡਰਾਉਣ ਲਈ ਵਰਤਦੇ

ਅਗਲੇ ਜਨਮਾਂ ਦੇ ਸੁਪਨੇ ਦਿਖਾ
ਖੋਹ ਲੈਣ ਦੀ ਕੋਸ਼ਿਸ਼ 'ਚ ਨੇ
 ਇਹ ਜਨਮ
  ਦੁੱਖ-ਸੁੱਖ
  ਸੈਲੀਬਰੇਸ਼ਨ
   ਐਨਰਜੀ

ਤੇ ਬਣਾ ਰਹੇ ਨੇ
ਜਿਉਂਦੀ ਦੇਹ ਨੂੰ 'ਮੱਮੀ'


ਭਾਵੇਂ ਅੱਜ ਅਸੀਂ ਆਤਮਾ, ਪੁਨਰ ਜਨਮ ਅਤੇ ਕਰਮਾਂ ਦੀ ਫਿਲਾਸਫੀ ਵਿਚ ਉਸ ਤਰ•ਾਂ ਦਾ ਵਿਸ਼ਵਾਸ ਤਾਂ ਨਹੀਂ ਕਰਦੇ, ਜਿਸ ਤਰ•ਾਂ ਦਾ ਜਗੀਰੂ ਕਾਲ ਵਿੱਚ ਕਰਦੇ ਸੀ, ਪਰ ਇਹ ਆਤਮਾ ਹਾਲੇ ਵੀ ਸਾਡੀ ਦੇਹ ਨੂੰ, ਸਾਡੀ ਭੌਤਿਕਤਾ ਨੂੰ ਅਤੇ ਸਾਡੀ ਵਾਸਤਵਿਕਤਾ ਨੂੰ ਦਬਾ ਕੇ ਰੱਖਦੀ ਹੈ। ਇਹ ਆਤਮਾ ਸਾਡੇ ਅੰਦਰੋਂ ਪੈਦਾ ਹੋ ਕੇ ਸਾਡੀ ਵਾਸਤਵਿਕਤਾ ਨੂੰ ਕਿਵੇਂ ਪਾਰ ਕਰ ਜਾਂਦੀ ਹੈ ਜਾਂ ਫੇਰ ਕਿ ਅਸੀਂ ਆਪਣੀ ਭੌਤਿਕ ਵਾਸਤਵਿਕਤਾ ਨੂੰ ਪਿੱਛੇ ਛੱਡ ਕੇ ਇਸ ਨਿਰਦੇਹ ਜਾਂ ਨਿਰਾਕਾਰ ਆਤਮਾ ਨਾਲ ਆਪਣੇ ਆਪ ਨੂੰ ਕਿਵੇਂ ਅਭੇਦ ਕਰ ਲੈਂਦੇ ਹਾਂ, ਆਤਮਾ ਦੇ ਜਨਮ ਦੀ ਇਸ ਕਹਾਣੀ ਨੂੰ ਸਵਰਨਜੀਤ ਸਵੀ ਨੇ ਆਪਣੀ ਕਵਿਤਾ 'ਕਿੱਥੇ ਹਾਂ ਮੈਂ' ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ:

ਕਿੱਥੇ ਹਾਂ ਮੈਂ ?
ਤਾਂ ਬਹੁਤ ਕੁਝ ਇਕ ਦਮ ਦੂਰ ਜਾ ਖਲੋਤਾ ਹੈ
ਮਸਲਨ
ਤੂੰ, ਲੋਕ, ਧਰਤੀ, ਗ੍ਰਹਿ, ਹਨੇਰ-ਚੁੱਪ
  ਸਭ ਕੁੱਝ
ਕੀ ਹਾਂ ਮੈਂ ?
ਇਕ ਦੂਰੀ ਤੇ ਹੋ ਜਾਂਦਾ ਹਾਂ ਮੈਂ
 ਆਪਣੀ ਦੇਹ ਤੋਂ

ਇਹ ਮਨ ਕੀ ਹੈ?
ਤਾਂ ਮੇਰੇ ਵਿਚੋਂ ਇਹ ਵੀ ਦੂਰ ਜਾ ਖਲੋਂਦਾ ਹੈ

ਚੇਤਨਾ ਕੀ ਹੈ?
ਇਹ ਕੌਣ ਦੇਖ ਰਿਹਾ ਹੈ

ਕੀ ਇਹ ਮੈਂ ਹਾਂ?
ਤਾਂ ਇਕ ਪਾਰਦਰਸ਼ੀ ਜਿਹਾ ਕੁਝ
 ਹਰ ਤਰਫ਼ ਦੇਖ ਰਿਹਾ ਹੈ
ਹਵਾ ਚੇਤਨਾ ਸ਼ਬਦ ਕਾਲ ਮੈਂ
 ਨਹੀਂ -
ਕੁਝ ਹੋਰ ਹੈ
ਜੋ ਮੇਰੇ ਵਿਚੋਂ ਦੇਖ ਰਿਹਾ ਹੈ - ਸਭ ਕੁਝ - ਮੇਰੇ ਰਾਹੀਂ

ਮਨੁੱਖੀ ਆਤਮਾ ਦਾ ਜਨਮ ਪਾਰਗਮਤਾ ਦੀ ਸ਼ਿਖਰ ਹੈ ਜਿੱਥੇ ਮਲੁੱਖ ਦੀ 'ਮੈਂ' ਵਾਸਤਵਿਕ ਸੰਸਾਰ, ਮਾਨਵਦੇਹੀ, ਆਦਿ ਸਭ ਕਾਸੇ ਤੋਂ ਪਾਰ ਜਾ ਕੇ ਸਰਬ ਵਿਆਪਕ ਸਦੀਵਤਾ ਨਾਲ ਅਭੇਦ ਹੋਣਾ ਲੋਚਦੀ ਹੈ। ਇਹ ਵਾਸਤਵਿਕਤਾ, ਭੌਤਿਕਤਾ, ਵਿਸ਼ਸ਼ਟਤਾ ਅਤੇ ਮਾਨਵਤਾ ਤੋਂ ਮੁੱਖ ਮੋੜਨ ਵਾਲੀ ਗੱਲ ਹੈ। ਇਹ ਇਸ ਲਈ ਕਿਉਂਕਿ ਆਤਮਾ ਜਾਂ ਪਰਮਾਤਮਾ ਨਾਲ ਇਕਸੁਰਤਾ ਸਥਾਪਤ ਕਰਨ ਵਾਸਤੇ ਆਪਣੀ ਮੌਜੂਦਾ ਸਥਿਤੀ ਅਤੇ ਵਰਤਮਾਨ ਪਲ ਨਾਲੋਂ ਜੁਦਾਇਗੀ ਜਾਂ ਬੇਮੁਖਤਾ ਆਵੱਸ਼ਕ ਹੈ। ਪਰ ਸਵੀ ਤਾਂ ਅਗਲੇ ਜਨਮਾਂ ਜਾਂ ਪ੍ਰਮਾਤਮਾ ਨਾਲ ਅਭੇਦਤਾ ਦੇ ਸੁਪਨਿਆਂ ਪਿੱਛੇ ਲੱਗ ਕੇ ਆਪਣੀ ਵਾਸਤਵਿਕਤਾ ਦੀ ਬਲੀ ਦੇਣ ਲਈ ਬਿਲਕੁਲ ਤਿਆਰ ਨਹੀਂ ਹੈ। ਉਹ ਕਿਸੇ ਖ਼ੂਬਸੂਰਤ ਸਵਰਗ ਜਾਂ ਪ੍ਰਮਾਤਮਾ ਨਾਲ ਅਭੇਦਤਾ ਰਾਹੀਂ ਪ੍ਰਾਪਤ ਹੋਣ ਵਾਲੀ ਅਮਰਤੱਤਵਤਾ ਦੀ ਆਸ ਵਿੱਚ ਆਪਣੇ ਵਰਤਮਾਨ ਨੂੰ ਕਸ਼ਟ ਅਤੇ ਸੰਤਾਪ ਦੀ ਅੱਗ ਵਿੱਚ ਨਹੀਂ ਸਾੜਦਾ, ਸਗੋਂ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਛੋਟੇ ਚੋਂ ਛੋਟੇ ਪਲ ਨੂੰ ਵੀ ਖ਼ੂਬਸੂਰਤੀ ਅਤੇ ਮੁਹੱਬਤ ਨਾਲ ਭਰ ਦਿੰਦਾ ਹੈ। ਸੋ ਜ਼ਿੰਦਗੀ ਉਸ ਲਈ ਉਡੀਕ ਨਹੀਂ, ਵਰਤਮਾਨ ਪਲਾਂ ਦੀ ਸੈਲੀਬਰੇਸ਼ਨ ਹੈ:

ਟੁੱਥ ਪੇਸਟ ਕਰਦਿਆਂ
ਚਾਂਦੀ ਰੰਗੀ ਮੁਸਕਣੀ ਨਾਲ ਖਿੜ ਉੱਠਣਾ
ਨਹਾਉਂਦਿਆਂ
ਆਪਣੇ ਆਪ ਨੂੰ ਨਿਹਾਰਨਾ
ਕਿਸੇ ਬੱਚੇ ਦੀਆਂ ਤੋਤਲੀਆਂ ਤੇ ਰੀਝ ਜਾਣਾ
ਕਿਸੇ ਸ਼ਬਦ ਦੇ ਮੋਹ ਵੱਸ ਹੋ ਕੇ
 ਕੁਝ ਦਾ ਕੁਝ ਲਿਖ ਜਾਣਾ
ਗੂੜੇ• ਨੀਲੇ ਅਸਮਾਨ ਤੇ
 ਚਿੱਟੀ ਬਦਲੋਟੀ ਤੇ ਸਵਾਰ ਹੋ ਉੱਡਣਾ
ਡਿੱਗੇ ਪਏ ਫੁੱਲ ਨੂੰ ਚੁੱਕਣਾ
 ਤੇ ਕਿਆਸਣਾ ਉਹ ਬੂਟਾ ਜਿਥੋਂ ਉਹ ਟੁੱਟਿਆ
  ਸਭ ਪਿਆਰ ਹੀ ਤਾਂ ਹੈ
  ਤੈਨੂੰ ਚਾਹੁਣ ਵਰਗਾ
ਪਹਾੜਾਂ 'ਚ ਕਿਸੇ ਪੰਛੀ ਦੀ ਆਵਾਜ਼ ਦਾ ਪਿੱਛਾ ਕਰਦਿਆਂ
  ਤਿਲਕਣੋਂ ਬਚਣਾ
ਕਿਸੇ ਗੀਤ ਦੀਆਂ ਸਤਰਾਂ ਨਾਲ
 ਅੱਖਾਂ ਦੇ ਕੋਰਾਂ ਦਾ ਨਮ ਹੋ ਜਾਣਾ
ਖਿਲਰੀਆਂ ਕਿਤਾਬਾਂ ਨੂੰ ਤਰਤੀਬ ਦਿੰਦਿਆਂ
 ਉਨ•ਾਂ ਦੇ ਪਾਤਰਾਂ ਨਾਲ ਗੱਲਾਂ ਕਰਨੀਆਂ
ਬਾਰਿਸ਼ 'ਚ ਭਿੱਜਕੇ ਮਸਤ ਮਸਤ ਤੁਰਨਾ
ਅੱਖਾਂ ਮੀਚ ਕੇ
ਹਨੇਰੇ 'ਚ ਟਿਮਕਦੇ ਜੁਗਨੂੰਆਂ ਤਾਰਿਆਂ ਸੰਗ
   ਯਾਤਰਾ ਕਰਨਾ
  ਸਭ ਪਿਆਰ ਹੀ ਤਾਂ ਹੈ


ਸਵਰਨਜੀਤ ਸਵੀ ਜਾਣਦਾ ਹੈ ਕਿ ਜੇ ਜਗੀਰੂ ਕਾਲ ਵਿੱਚ ਅਮਰਤੱਤਵਤਾ ਅਤੇ ਸਵਰਗ ਦੇ ਲਾਲਚ ਨੇ ਮਨੁੱਖ ਨੂੰ ਉਸਦੀ ਵਾਸਤਵਿਕਤਾ ਅਤੇ ਵਰਤਮਾਨ ਪਲਾਂ ਦੇ ਜਸ਼ਨ ਨਾਲੋਂ ਤੋੜੀ ਰੱਖਿਆ, ਤਾਂ ਅੱਜ ਪੂੰਜੀਵਾਦੀ ਯੁੱਗ ਵਿੱਚ ਵਧੇਰੇ ਦੌਲ਼ਤ, ਵਧੇਰੇ ਸ਼ਕਤੀ, ਵਧੇਰੇ ਗਿਆਨ ਅਤੇ ਵਡੇਰੇ ਰੁਤਬੇ ਦਾ ਲਾਲਚ ਮਨੁੱਖ ਦੇ ਵਰਤਮਾਨ ਪਲ ਨੂੰ ਅਧੂਰਾ ਪਲ ਬਣਾ ਦਿੰਦਾ ਹੈ। ਆਪਣੇ ਵਰਤਮਾਨ ਪਲਾਂ ਨੂੰ ਸੈਲੀਬਰੇਟ ਕਰਨ ਦੀ ਥਾਂ, ਭਵਿੱਖ ਦੀ ਅਨਿਸ਼ਚਿਤਤਾ ਦੇ ਦੋਜ਼ਖ਼ ਵਿਚ ਸੜਦਾ ਹੈ :

ਤੇਰੇ ਤੋਂ ਨਹੀਂ
ਮੈਂ ਉਸ ਨਿਰਾਸ਼ਾ ਤੋਂ ਡਰਦਾ ਹਾਂ
ਜੋ ਮੈਂ ਆਪਣੀ ਤਲਾਸ਼ ਵਿਚ ਆਈ
 ਅਸਥਾਈ ਸੰਪੂਰਨਤਾ
 ਦੇ ਅਹਿਸਾਸ ਤੋਂ ਬਾਅਦ  
  ਭੋਗਦਾ ਹਾਂ
ਭਰ ਜਾਣ ਤੋਂ ਬਾਅਦ
 ਨਿਰਾਸ਼ ਹੋਣ ਦਾ ਪਲ
 ਮੌਤ ਵਰਗਾ ਹੀ ਹੁੰਦਾ ਹੈ

ਮੇਰੀ ਵਾਸਨਾ
ਦਿੰਦੀ ਹੈ ਹਰ ਰੋਜ਼ ਮੌਤ ਦੇ ਕਈ ਪਲ 
ਦਿੰਦੀ ਹੈ ਛੋਟੇ ਛੋਟੇ ਡਰ
 ਮੇਰੀ ਸ਼ਕਤੀ ਨੂੰ ਜੋੜਦੇ ਡਰ
 ਜਿਨ•ਾਂ ਦਾ ਕੁੱਲ ਜੋੜ ਲਿਆ ਖੜਾਉਂਦਾ ਹੈ
 ਤੇਰੇ ਸਾਹਵੇਂ
 ਤੇਰੇ ਤੋਂ ਨਹੀਂ
 ਉਨ•ਾਂ ਪਲਾਂ ਦੇ ਜੋੜ ਤੋਂ ਡਰਦਾ ਹਾਂ

ਪੂੰਜੀਵਾਦੀ ਵਿਕਾਸ ਨੂੰ ਅੱਗੇ ਤੋਰਨ ਲਈ ਇਹ ਜ਼ਰੂਰੀ ਹੈ ਕਿ ਸਾਡਾ ਹਰ ਪਲ ਅਧੂਰਾ ਹੀ ਹੋਵੇ। ਕੋਈ ਵੀ ਪਲ ਅਪਾਣੇ ਆਪ ਵਿੱਚ ਸੰਪੂਰਨ ਨਾ ਹੋਵੇ। ਪਰ ਸਵਰਨਜੀਤ ਸਵੀ ਪੂੰਜੀਵਾਦੀ ਸੁਪਨੇ ਦੀ ਇਸ ਹਕੀਕਤ ਤੋਂ ਵੀ ਪੂਰੀ ਤਰ•ਾਂ ਵਾਕਤ ਹੈ:

ਇਹ ਜੋ
ਚੜ•ਦੀ ਉਮਰੇ ਹੀ
ਸੁਪਨਿਆਂ 'ਚ ਆਉਂਦੇ ਨੇ ਰਾਜਕਕੁਮਾਰ

ਕਦੇ ਜ਼ਿੰਦਗੀ 'ਚ
ਤਪਦੀਆਂ ਤਲ਼ੀਆਂ ਹੇਠਾਂ
ਤੱਤੇ ਰੇਤਾ ਦੀ ਥਾਂ
 ਸੀਤ ਲਹਿਰ ਬਣ ਆਏ ਨੇ?

ਆਉਂਦੇ ਤਾਂ ਨੇ
ਮਿਰਗਜਲ ਬਣਕੇ
ਇਕ ਫਾਸਿਲੇ ਤੋਂ ਹੀ ਦਿਸਦੇ ਨੇ

ਤਪਦੀਆਂ ਤਲ਼ੀਆਂ ਹੇਠਾਂ
ਸਿਰਫ਼ ਮਾਰੂਥਲ ਹੀ ਆਉਂਦੇ ਨੇ
ਇਹ ਨਹੀਂ ਆਉਂਦੇ
 ਜੋ ਆਉਂਦੇ ਨੇ
 ਚੜ•ਦੀ ਉਮਰੇ ਹੀ ਸੁਪਨਿਆਂ ਵਿਚ
 ਘੋੜਿਆਂ ਤੇ ਸਵਾਰ ਰਾਜਕੁਮਾਰ

ਪਰ ਸੁਆਲ ਤਾਂ ਇਹ ਹੈ ਕਿ ਕਾਲਪਨਿਕ ਭਵਿੱਖ ਲਈ ਮਨੁੱਖ ਹਮੇਸ਼ਾ ਹੀ ਆਪਣੇ ਵਰਤਮਾਨ ਵਾਸਤਵਿਕ ਪਲਾਂ ਦੀ ਬਲੀ ਕਿਉਂ ਦਿੰਦਾ ਆਇਆ ਹੈ? ਕਦੇ ਉਸਨੂੰ ਮੌਤ ਦਾ ਡਰ ਸਤਾਉਂਦਾ ਹੈ ਅਤੇ ਕਦੀ ਵਧੇਰੇ ਦੌਲਤ ਅਤੇ ਸ਼ਕਤੀ ਦੀ ਕਾਮਨਾ ਦਰਅਸਲ ਮੌਤ ਦਾ ਡਰ ਹਮੇਸ਼ਾ ਹੀ ਮਨੁੱਖ ਉੱਪਜਰ ਹਾਵੀ ਰਿਹਾ ਹੈ। ਮੌਤ ਦੇ ਡਰ ਤੋਂ ਮੁਕਤ ਹੋਣ ਲਈ ਕਦੇ ਉਹ ਆਤਮਾ ਦੀ ਖੋਜ ਕਰਦਾ ਹੈ, ਕਦੀ ਸਿਰਜਣਾਤਮਕਤਾ ਰਾਹੀਂ ਅਮਰ ਹੋਣਾ ਲੋਚਦਾ ਹੈ ਅਤੇ ਕਦੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਦੌਲਤ ਇਕੱਤਰ ਕਰਦਾ ਹੈ :

ਹੇ ਪੁਰਖਿਓ
ਮੌਤ ਤੋਂ ਪਾਰ ਜਾਣ ਦੇ ਆਸ਼ਕੋ
ਭਰ ਦਿਓ ਮੈਨੂੰ ਵੀ
ਮੌਤ ਦੇ ਡਰ 'ਚੋਂ ਉਪਜੀ
ਇਸ ਮਹਾਨ ਸਿਰਜਣਾਤਮਿਕਤਾ ਨਾਲ
ਕਾਲ ਨਦੀ 'ਚ ਤੈਰਕੇ
 ਪਾਰ ਜਾਣ ਦੀ ਕਲਾਮਈ ਸ਼ਕਤੀ ਨਾਲ

ਹੇ ਮੌਤ 
ਤੂੰ ਹੋਰ ਡਰਾ ਮੈਨੂੰ
ਕਿ ਮੈਂ ਬਹੁਤ ਕੁਝ ਸਿਰਜਣਾ ਹੈ
ਤੇਰੇ ਖਿਲਾਫ਼
ਤੈਨੂੰ ਸਮਝਣ ਲਈ
ਤੇਰੀ ਜਕੜ ²ਤੋਂ ਭੱਜਣ ਲਈ

ਤੇਰੇ ਡਰ-ਭਓ ਨੂੰ ਸਲਾਮ
ਕਿ ਜਿਸ 'ਚੋਂ ਕਲਾ ਉਪਜੀ

ਸਵਰਨਜੀਤ ਸਵੀ ਦੀ ਇਸ ਪੁਸਤਕ 'ਆਸ਼ਰਮ' ਦੀਆਂ ਇਕ ਦਰਜਨ ਤੋਂ ਵਧੇਰੇ ਕਵਿਤਾਵਾਂ ਤਾਂ ਸਿੱਧੇ ਤੌਰ ਤੇ ਹੀ ਮੌਤ ਦੇ ਵਿਸ਼ੇ ਨਾਲ ਸਬੰਧਤ ਹਨ ਜਿਹਨਾਂ ਵਿਚ ਉਹ ਕੇਵਲ ਇਹ ਹੀ ਚਰਚਾ ਨਹੀਂ ਕਰਦਾ ਕਿ ਮੌਤ ਕੀ ਹੈ, ਮੌਤ ਦੇ ਡਰ ਤੋਂ ਮੁਕਤ ਹੋਣ ਲਈ ਮੌਤ ਉੱਪਰ ਫ਼ਤਹਿ ਪ੍ਰਾਪਤੀ ਦੀ ਵਿਧਾ ਵੀ ਖੋਜਦਾ ਹੈ। ਉਹ ਮੌਤ ਨੂੰ ਜੀਵਨ ਦੇ ਵਿਰੋਧੀ ਅਰਥਾਂ ਵਿੱਚ ਨਹੀਂ ਲੈਂਦਾ। ਸ਼ਾਇਦ ਇਸੇ ਲਈ ਉਹ ਜੀਵਨ ਅਤੇ ਮੌਤ ਵਿਚਕਾਰ ਰਿਸ਼ਤੇ ਤੋਂ ਇਨਕਾਰੀ ਹੈ :

ਹੇ ਮੌਤ
ਤੇਰਾ ਮੇਰਾ ਕੀ ਰਿਸ਼ਤਾ ਹੈ?
ਜਦ ਤੂੰ ਆਵੇਂਗੀ
 ਤਾਂ ਮੈਂ ਹੋਵਾਂਗਾ ਨਹੀਂ
 ਤੈਥੋਂ ਕਾਹਦਾ ਡਰਨਾ

ਪਰ ਇਸ ਕਵਿਤਾ ਦੀਆਂ ਅਗਲੀਆਂ ਹੀ ਸਤਰਾਂ ਵਿੱਚ ਉਹ ਮੌਤ ਨਾਲ ਰਿਸ਼ਤਾ ਜੋੜਦਾ ਵੀ ਨਜ਼ਰ ਆਉਂਦਾ ਹੈ। ਭਾਵੇਂ ਰਿਸ਼ਤਾ ਇੱਕ ਪਲ ਦਾ ਹੀ ਕਿਉਂ ਨਾ ਹੋਵੇ, ਪਰ ਇਸ ਇਕ ਪਲ ਦੇ ਰਿਸ਼ਤੇ ਤੋਂ, ਜੋ ਪਤਾ ਨਹੀਂ ਕਦੋਂ ਆਉਣਾ ਹੈ, ਉਹ ਆਪਣਾ ਡਰ ਵੀ ਜਾਹਰ ਕਰਦਾ ਹੈ :

ਸਾਡਾ ਸਬੰਧ ਤਾਂ
ਇਕ ਪਲ ਦਾ ਹੈ
ਜਾਂ ਉਸਦੀ ਕਰੋੜਵੀਂ ਕੜੀ ਦਾ
 ਜੋ ਮੇਰੇ ਹੱਥੋਂ ਤਿਲਕ
  ਤੇਰੇ ਹੱਥ ਆ ਜਾਣੀ ਹੈ

ਪਰ ਮੈਂ ਡਰ ਰਿਹਾ ਹਾਂ
ਉਸ ਕੜੀ ਦੇ ਹੱਥੋਂ ਤਿਲ•ਕਣ ਤੋਂ
ਜੋ ਮੇਰੀ ਨਹੀਂ
 ਤੇਰੀ ਹੋ ਜਾਵੇਗੀ
  ਯਕਦਮ !

ਆਪਾਂ ਜੀਂਦੇ ਹਾਂ ਆਪਣੇ ਵਰਤਮਾਨ ਪਲਾਂ ਵਿਚ। ਡਰਦੇ ਵੀ ਆਪਣੇ ਵਰਤਮਾਨ ਪਲਾਂ ਵਿੱਚ ਹੀ ਹਾਂ। ਇਹ ਇਸ ਲਈ ਕਿਉਂਕਿ ਜੀਣਾ ਅਤੇ ਡਰਨਾ ਦੋਵੇਂ ਕਰਮ ਹਨ। ਤੇ ਕਰਮ ਕੇਵਲ ਵਰਤਮਾਨ ਪਲਾਂ ਵਿੱਚ ਹੀ ਹੋ ਸਕਦੇ ਹਨ। ਅਸੀਂ ਜਿਸ ਗੱਲ ਤੋਂ ਡਰ ਰਹੇ ਹਾਂ, ਉਹ ਹੈ ਮੌਤ। ਭਵਿੱਖ ਵਿੱਚ ਵਾਪਰਨ ਵਾਲੀ ਮੌਤ ਦੀ ਯਾਦ। ਸੋ ਜੀਵਨ ਸਾਡੇ ਕਰਮਾਂ ਵਿਚ ਵਸਦਾ ਹੈ ਅਤੇ ਮੌਤ ਸਾਡੀ ਕਲਪਨਾ ਅਤੇ ਯਾਦ ਵਿੱਚ। ਦੋਹਾਂ ਵਿੱਚ ਸਿੱਧੇ ਤੌਰ ਤੇ ਕੋਈ ਵਾਸਤਵਿਕ ਰਿਸ਼ਤਾ ਨਹੀਂ।
ਪਰ ਜਿਵੇਂ ਕਿ ਇਸ ਕਵਿਤਾ ਦੇ ਅੰਤਲੇ ਭਾਗ ਵਿੱਚ ਮੌਤ ਨੂੰ ਜੀਵਨ ਦੇ ਉਲਟ ਖੜ•ਾ ਕਰਕੇ ਸਵਰਨਜੀਤ ਸਵੀ ਜੀਵਨ ਦੇ ਖੁੱਸ ਜਾਣ ਦਾ ਭੈਅ ਪ੍ਰਗਟ ਕਰਦਾ ਹੈ, ਬਿਲਕੁਲ ਇਸੇ ਤਰ•ਾਂ ਅਸੀਂ ਵੀ ਮੌਤ ਨੂੰ ਜੀਵਨ ਦਾ ਅੰਤ ਕਰਨ ਵਾਲੀ ਕੋਈ ਘਟਨਾ ਸਮਝ ਕੇ ਜੀਵਨ ਨਾਲ ਇਸਦਾ ਵਿਰੋਧੀ ਰਿਸ਼ਤਦਾ ਜੋੜਦੇ ਹਾਂ। ਅਜੇਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਜੀਵਨ ਨੂੰ ਵਰਤਮਾਨ ਪਲਾਂ ਸੈਲੀਬਰੇਸ਼ਨ ਨਾ ਸਮਝ ਕੇ ਇਕ ਕਹਾਣੀ ਸਮਝਦੇ ਹਾਂ। ਨਹੀਂ ਤਾਂ ਫੇਰ ਜੀਵਨ ਦੇ ਅੰਤ ਜਾਂ ਜੀਵਨ ਦੇ ਖੁੱਸ ਜਾਣ ਦਾ ਕੀ ਅਰਥ ਹੋਇਆ? ਆਦਿ ਅੰਤ ਤਾਂ ਕੇਵਲ ਸਮੇਂ ਵਿੱਚ ਬੱਝੀ ਹੋਈ ਕਹਾਣੀ ਦੇ ਰੂਪ ਵਿੱਚ ਹੀ ਦੇਖਦੇ ਹਾਂ ਜਿਸਦਾ ਮੌਤ ਨਾਲ ਅੰਤ ਹੋਣਾ ਹੁੰਦਾ ਹੈ। ਇਸੇ ਤਰ•ਾਂ ਜਦੋਂ ਅਸੀਂ ਇਹ ਆਖਦੇ ਹਾਂ ਕਿ ਸਾਨੂੰ ਜੀਵਨ ਦੇ ਖੁੱਸ ਜਾਣ ਦਾ ਭੈਅ ਹੈ ਤਾਂ ਅਸੀਂ ਆਪਣੇ ਜੀਵਨ ਜਾਂ ਜੀਵਨ ਬਿਰਤਾਂਤ ਨੂੰ ਆਪਣੀ ਮਲਕੀਅਤ ਦੇ ਰੂਪ ਵਿੱਚ ਦੇਖ ਰਹੇ ਹੁੰਦੇ ਹਾਂ, ਜਿਸ ਦੇ ਖੁੱਸ ਜਾਣ ਦਾ ਡਰ ਸਾਨੂੰ ਲਗਾਤਾਰ ਖਾਂਦਾ ਰਹਿੰਦਾ ਹੈ। ਸੋ ਮੌਤ ਦਾ ਡਰ ਜੀਵਨ ਨੂੰ ਨਹੀਂ, ਜੀਵਨ ਨੂੰ ਮਲਕੀਅਤ ਵਾਂਗ ਸਾਂਭੀ ਬੈਠੀ 'ਮੈਂ' ਨੂੰ ਹੈ।
ਇਹ 'ਮੈਂ' ਕੀ ਹੈ? ਦਰਅਸਲ ਇਹ ਮੈਂ ਹੀ ਜੀਵਨ ਬਿਰਤਾਂਤ ਹੈ। ਜੇਕਰ ਮੈਂ ਇਹ ਦੱਸਣਾ ਹੋਵੇ ਕਿ ਮੈਂ ਕੌਣ ਹਾਂ, ਤਾਂ ਮੈਂ ਵੀ ਆਪਣੇ ਆਪ ਨੂੰ ਆਪਣੀਆਂ ਜੀਵਨ ਘਟਨਾਵਾਂ, ਪ੍ਰਾਪਤੀਆਂ / ਅਪ੍ਰਾਪਤੀਆਂ, ਰਿਸ਼ਤਗੀਆਂ, ਸਿਮਰਤੀਆਂ ਕਾਮਨਾਵਾਂ ਆਦਿ ਦੀ ਬਿਰਤਾਂਤਕ ਸੰਗਠਨਕਾਰੀ ਦੇ ਰੂਪ ਵਿੱਚ ਹੀ ਪੇਸ਼ ਕਰਾਂਗਾ। ਇਸੇ ਲਈ ਜੇਕਰ ਅਸੀਂ 'ਮੈਂ' ਦਾ ਨਿਰਮਾਣ ਕਰਨ ਵਾਲੀ ਇਸ ਜੀਵਨ ਬਿਰਤਾਂਤਕਾਰੀ ਨੂੰ ਸਮਝ ਲਈਏ ਤਾਂ ਫੇਰ ਮੌਤ ਤੋਂ ਕਾਹਦਾ ਡਰਨਾ :

ਹੇ ਮੌਤ
ਮੈਨੂੰ ਮੇਰੇ ਦੁਆਲੇ ਬੁਣੇਂ ਗਏ
ਰਿਸ਼ਤਿਆਂ ਦੇ ਮੱਕੜੀ ਜਾਲ ਤੋਂ
ਆਪਣੀ ਸਮਾਜਕ ਹਉਮੈਂ ਦੇ ਜਬਾੜੇ ਤੋਂ
 ਆਪਣੀਆਂ ਸਿਮਰਤੀਆਂ ਸੁਪਨਿਆਂ ਤੋਂ
 ਕਾਮਨਾਵਾਂ ਵਾਸਨਾਵਾਂ ਤੋਂ
  ਮੁਕਤੀ ਦਾ ਵਲ ਸਿਖਾ
  ਫਿਰ ਮੈਂ ਨਹੀਂ ਡਰਾਂਗਾ

ਫਿਰ ਕਾਹਦਾ ਡਰਨਾ
ਹੋਵੇਗਾ ਕੀ ਮੇਰੇ ਕੋਲ
 ਜੋ ਖੁੱਸੇਗਾ
 ਰੁੱਸੇਗਾ
 ਡੁੱਲੇਗਾ ਮੇਰੇ 'ਚੋਂ

 ਫਿਰ ਕਾਹਦਾ ਡਰਨਾ - 

ਪਰ ਇਹ ਬਿਰਤਾਂਤਕ ਸੰਗਠਨਕਾਰੀ ਕੇਵਲ ਟਾਈਮ / ਕਾਲ ਦੇ ਪਾਸਾਰ ਵਿੱਚ ਹੀ ਆਪਣੀ ਹੋਂਦ ਧਾਰਦੀ ਹੈ। 'ਮੈਂ' ਅਤੇ 'ਜੀਵਨ ਬਿਰਤਾਂਤ' ਟਾਈਮ/ਕਾਲ ਦੇ ਹੀ ਬਣੇ ਹੋਏ ਹਨ। ਇਸ ਲਈ ਮੌਤ ਦਾ ਸੰਬੰਧ ਵੀ ਟਾਈਮ/ਕਾਲ ਨਾਲ ਹੀ ਹੈ। ਸੋ 'ਮੈਂ' , 'ਜੀਵਨ ਬਿਰਤਾਂਤ' ਅਤੇ ਮੌਤ, ਇਹਨਾਂ ਤਿੰਨਾਂ ਨੂੰ ਸਮਝਣ ਲਈ ਟਾਈਮ/ਕਾਲ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਸਾਨੂੰ ਇਹ ਸਮਝ ਪੈ ਗਈ ਕਿ ਟਾਈਮ/ਕਾਲ ਕਿਵੇਂ ਪੈਦਾ ਹੁੰਦਾ ਹੈ, ਉਦੋਂ ਸਾਨੂੰ ਇਹ ਵੀ ਸਮਝ ਪੈ ਜਾਏਗੀ ਕਿ 'ਮੈਂ' ਦਾ ਨਿਰਮਾਣ ਕਿੰਝ ਹੁੰਦਾ ਹੈ ਅਤੇ ਮੌਤ ਕਿਵੇਂ ਆਉਂਦੀ ਹੈ?
ਚਲੋ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਟਾਈਮ/ਕਾਲ ਕੀ ਹੈ?
ਸਾਨੂੰ ਭੁੱਖ ਲੱਗਦੀ ਹੈ, ਇਸ ਲਈ ਖਾਣਾ ਖਾਂਦੇ ਹਾਂ। ਕਿਉਂਕਿ ਖਾਣਾ ਖਾਂਦੇ ਹਾਂ, ਇਸ ਲਈ ਜਿੰਦਾ ਹਾਂ। ਭੁੱਖ ਸਾਡੇ ਖਾਣਾ ਖਾਣ ਦਾ ਕਾਰਨ ਹੈ ਅਤੇ ਖਾਣਾ ਸਾਡੇ ਜਿੰਦਾ ਰਹਿਣ ਦਾ। ਇਹ ਕਾਰਣਕਤਾ ਕੇਵਲ ਸਾਡੇ ਉੱਪਰ ਹੀ ਨਹੀਂ, ਉਹਨਾਂ ਜੀਵ ਜੰਤਆਂ ਉੱਪਰ ਵੀ ਲਾਗੂ ਹੁੰਦੀ ਹੈ, ਜਿਹਨਾਂ ਵਿੱਚ ਸਵੈ ਚੇਤਨਾ ਨਹੀਂ।  ਅਸੀਂ ਤਾਂ ਇਹ ਦੇਖਣਾ ਹੈ ਕਿ ਸਵੈ ਚੇਤਨ ਮਨੁੱਖ ਦੇ ਆਉਣ ਨਾਲ ਇਸ ਸਥਿਤੀ ਵਿੱਚ ਕੀ ਤਬਦੀਲੀ ਆਉਂਦੀ ਹੈ? ਤਬਦੀਲੀ ਇਹ ਆਈ ਕਿ ਜੇ ਸਵੈ ਚੇਤਨ ਮਨੁੱਖ ਨੂੰ ਕਿਸੇ ਕਾਰਨ ਕਰਕੇ ਭੁੱਖ ਨਹੀਂ ਲੱਗੀ, ਤਾਂ ਵੀ ਖਾਣੇ ਦੇ ਵਕਤ ਉਹ ਖਾਣਾ ਜ਼ਰੂਰ ਖਾਂਦਾ ਹੈ ਕਿਉਂਕਿ ਉਹ ਇਸ ਗੱਲ ਬਾਰੇ ਚੇਤਨ ਹੈ ਕਿ ਜਿੰਦਾ ਰਹਿਣ ਲਈ ਖਾਣਾ ਖਾਣਾ ਜ਼ਰੂਰੀ ਹੈ। ਸੋ ਚੇਤਨਾ ਦੇ ਆਉਣ ਨਾਲ ਅਸੀਂ ਅਪਾਣੀਆਂ ਲੋੜਾਂ, ਚਾਹਤਾਂ, ਖਾਹਿਸ਼ਾਂ ਅਤੇਕ ਾਮਨਾਵਾਂ ਬਾਰੇ ਸੁਚੇਤ ਹੋ ਗਏ ਹਾਂ। ਹੁਣ ਸਰੀਰ ਦੀ ਕਿਸੇ ਅੰਦਰੂਨੀ ਕਮਿਸਟਰੀ ਕਾਰਨ ਪੈਦਾ ਹੋਣ ਵਾਲੀ ਭੁੱਖ ਨਹੀਂ, ਉਸਦੇ ਜੀਣ ਦੀ ਚੇਤਨ ਇੱਛਾ ਹੀ ਉਸਦੇ ਜਿੰਦਾ ਰਹਿਣ ਦਾ ਕਾਰਨ ਹੈ। ਸੋ ਚੇਤਨਾ ਦੇ ਆਉਣ ਨਾਲ ਕਾਰਨ ਕਾਰਜ (ਭੁੱਖ ਕਾਰਨ ਖਾਣਾ ਖਾਂਦੇ ਹਾਂ) ਉਦੇਸ਼ ਕਾਰਨ (ਜਿੰਦਾ ਰਹਿਣ ਲਈ ਖਾਣਾ ਖਾਂਦੇ ਹਾਂ) ਵਿਚ ਤਬਦੀਲ ਹੋ ਜਾਂਦਾ ਹੈ। ਕਾਰਣਕਤਾ ਉਦੇਸ਼ਪੂਰਕਤਾ ਵਿੱਚ ਰੂਪਾਂਤ੍ਰਿਤ ਹੋ ਜਾਂਦੀ ਹੈ। ਇਹ ਇਕ ਬਹੁਤ ਹੀ ਮਹੱਤਵਪੂਰਨ ਤਬਦੀਲੀ ਹੈ।
'ਕਾਰਨ ਕਾਰਜ' ਵਿੱਚ ਕਾਰਨ (ਭੁੱਖ) ਅਤੇ ਕਾਰਜ (ਖਾਣਾ ਖਾਣਾ) ਦੋਨੋਂ ਵਰਤਮਾਨ ਪਲਾਂ ਵਿੱਚ ਵਾਪਰਨ ਵਾਲੀਆਂ ਵਾਸਤਵਿਕ ਘਟਨਾਵਾਂ ਹਨ। ਕੋਈ ਭੂਤ ਨਹੀਂ, ਕੋਈ ਭਵਿੱਖ ਨਹੀਂ। ਪਰ ਉਦੇਸ਼ ਕਾਰਨ ਵਿੱਚ ਇਸ ਤਰ•ਾਂ ਨਹੀਂ ਹੁੰਦਾ। ਏਥੇਚ ੇਤਨਾ ਵਰਤਮਾਨ ਨੂੰ ਭਵਿੱਖ ਅਤੇ ਵਰਤਮਾਨ ਵਿੱਚ ਵੰਡ ਦਿੰਦੀ ਹੈ। ਉਦੇਸ਼ (ਜਿੰਦਾ ਰਹਿਣ ਦੀ ਇੱਛਾ) ਭਵਿੱਖ ਹੈ ਅਤੇ ਕਾਰਜ (ਖਾਣਾ ਖਾਣਾ) ਵਰਤਮਾਨ। ਭਵਿੱਖ ਕੋਈ ਆਉਣ ਵਾਲੇ ਵਰਤਮਾਨ ਪਲਾਂ ਵਿੱਚ ਵਾਪਰਨ ਵਾਲੀ ਵਾਸਤਵਿਕ ਘਟਨਾ ਨਹੀਂ, ਸਾਡੀ ਵਰਤਮਾਨ ਕਾਮਨਾ ਹੈ ਕਿ ਆਉਣ ਵਾਲੇ ਪਲ ਸਾਡੀ ਇਸ ਵਰਤਮਾਨ ਇੱਛਾ ਵਰਗੇ ਹੋਣ। ਅਪਾਣੇ ਆਉਣ ਵਾਲੇ ਪਲਾਂ ਨੂੰ ਆਪਣੀ ਕਾਮਨਾ ਅਨੁਸਾਰ ਕੰਸਟਰਕਟ ਕਰਨ ਨੂੰ ਅਸੀਂ ਸਿਰਜਣਾ ਆਖਦੇ ਹਾਂ ਜਿਸ ਲਈ ਭੂਤ (ਪਾਸਟ) ਦੀ ਲੋੜ ਪੈਂਦੀ ਹੈ।
ਕਿਉਂਕਿ ਅੱਜ ੁਬਹੁਤ ਹੀ ਠੰਢੀ ਰਾਤ ਹੈ, ਇਸ ਲਈ ਮੈਂ ਆਪਣੇ ਰਾਤ ਦੇ ਖਾਣੇ ਨਾਲ ਦੋ ਡਰਿੰਕ ਰੰਮ ਦੇ ਲੈਣ ਦਾ ਫ਼ੈਸਲਾ ਕਰਦਾ ਹਾਂ। ਮੈਂ ਇਹ ਰੰਮ ਦੀ ਚੋਣ ਕਿਵੇਂ ਕੀਤੀ? ਇਹ ਚੋਣ ਕਰਨ ਲਈ ਮੈਨੂੰ ਭੂਤ ਕਾਲ ਦੀ ਲੋੜ ਪੈਂਦੀ ਹੈ। ਭੂਤ ਕਾਲ ਕੋਈ ਬੀਤ ਚੁੱਕੇ ਵਾਸਤਵਿਕ ਪਲ ਨਹੀਂ। ਉਹਨਾਂ ਦੀ ਵਰਤਮਾਨ ਯਾਦ ਹੈ। ਇਹ ਯਾਦ ਮੈਨੂੰ ਦੱਸਦੀ ਹੈ ਕਿ ਸਰਦ ਰਾਤਾਂ ਵਿੱਚ ਰਾਤ ਦੇ ਖਾਣੇ ਨਾਲ ਰੰਮ ਦੇ ਦੋ ਡਰਿੰਕ ਲੈਣ ਨਾਲ ਤਨ ਮਨ ਖਿੜ ਜਾਂਦੇ ਹਨ। ਇਸ ਲਈ ਮੈਂ ਰੰਮ ਦੀ ਚੋਣ ਕਰਦਾ ਹਾਂ। ਆਪਣੀ ਇੱਛਾ (ਭਵਿੱਖ: ਸਰਦ ਰੁੱਤ ਦਾ ਮਜ਼ਾ) ਨੂੰ ਸਾਕਾਰ ਕਰਨ ਲਈ ਵਰਤਮਾਨ ਕਾਰਜ (ਰਾਤ ਦੇ ਖਾਣੇ ਨਾਲ ਰੰਮ ਦੇ ਦੋ ਡਰਿੰਕ ਲੈਣ) ਦੀ ਚੋਣ ਵਾਸਤੇ ਸੰਗਠਿਤ ਯਾਦ (ਰੰਮ ਪੀਣ ਨਾਲ ਤਨ ਮਨ ਖਿੜ ਜਾਂਦੇ ਹਨ) ਦੀ ਲੋੜ ਪੈਂਦੀ ਹੈ। ਸੋ ਇਸ ਤਰ•ਾਂ ਚੇਤਨਾ ਸਾਡੇ ਵਰਤਮਾਨ ਪਲਾਂ ਨੂੰ ਭਵਿੱਖ, ਵਰਤਮਾਨ ਅਤੇ ਭੂਤ ਵਿੱਚ ਵਿਭਾਜਿਤ ਕਰਕੇ ਟਾਈਮ / ਕਾਲ/ਸਿਰਜਣਾ ਨੂੰ ਜਨਮ ਦਿੰਦੀ ਹੈ।
ਟਾਈਮ / ਕਾਲ ਬਾਰੇ ਇਸ ਛੋਟੀ ਜਿਹੀ ਚਰਚਾ ਬਾਅਦ ਆਪਾਂ ਇਸ ਨਤੀਜੇ ਤੇ ਪਹੁੰਚਦੇ ਹਾਂ, ਨੰਬਰ ਇੱਕ ਕਿ ਸਿਰਜਣਾਤਮਕਤਾ ਉਸ ਵਿਧਾ ਦਾ ਨਾਮ ਹੈ ਜੋ ਚੇਤਨ ਜੀਵ ਦੁਆਰਾ ਜਿੰਦਾ ਰਹਿਣ ਲਈ ਅਪਣਾਈ ਗਈ ਹੈ। ਭਾਵ ਕਿ ਸਿਰਜਣਾਤਮਕਤਾ ਚੇਤਨ ਜੀਵਨ ਦੀ ਸਰਵਾਈਵਲ ਸਟਰੈਟਿਜੀ ਵਜੋਂ ਵਿਕਸਤ ਹੋਈ ਹੈ। ਨੰਬਰ ਦੋ ਕਿ ਟਾਈਮ/ਕਾਲ ਉਹ ਮਕੈਨਿਜ਼ਮ/ਮਾਧਿਅਮ ਹੈ ਜਿਸ ਰਾਹੀਂ ਇਹ ਸਰਵਾਵੀਕਲ ਸਟਰੈਟਿਜੀ ਐਗਜ਼ੀਕਿਊਟ ਹੁੰਦੀ ਹੈ। ਭਾਵ ਕਿ ਟਾਈਮ /ਕਾਲ ਦਾ ਚੇਤਨ ਜੀਵ ਦੀ ਸਿਰਜਣਾਤਮਕਤਾ ਨਾਮੀ ਸਰਵਾਵੀਕਲ ਸਟਰੈਟਿਜੀ ਦੇ ਮਕੈਨਿਜ਼ਮ ਵਜੋਂ ਵਿਕਾਸ ਹੋਇਆ ਹੈ। ਨੰਬਰ ਤਿੰਨ ਕਿ ਇਸ ਟਾਈਮ/ਕਾਲ ਦਾ ਮਨੁੱਖ ਦੀ ਚੇਤਨ ਇੱਛਾ ਵਿੱਚੋਂ ਜਨਮ ਹੁੰਦਾ ਹੈ। ਇਸ ਲਈ ਇਹ ਕਾਲ ਵਿਚ ਬੱਝਾ ਸੰਸਾਰ, ਜਿਸ ਦੀ ਅਸੀਂ ਆਪਣੀਆਂ ਲੋੜਾਂ ਅਨੁਸਾਰ ਸਿਰਜਣਾ/ਰੂਪਾਂਤਰਣ ਕਰਦੇ ਹਾਂ, ਇਹ ਸਾਡੀ ਕਾਮਨਾ ਭਾਵ ਚੇਤਨ ਇੱਛਾ ਵਿੱਚੋਂ ਜਨਮ ਲੈਂਦਾ ਹੈ। ਕਾਇਨਾਤ ਦੇ ਇਤਿਹਾਸ ਦੇ ਰੂਪ ਵਿੱਚ ਸਾਡੀ ਚੇਤਨਾ ਅੰਦਰ ਭੂਤ ਅਤੇ ਭਵਿੱਖ ਵਿੱਚ ਅਨੰਤਤਾ ਤੱਕ ਫੈਲਿਆ ਹੋਇਆ :

ਮੇਰੇ ਅੰਦਰਲੀ
ਇਹ ਦਿੱਖ ਅਦਿੱਖ ਕਾਲ ਯਾਤਰਾ
 ਅਕਾਲਕ ਯੁੱਗਾਂ 'ਚੋਂ ਨਿਕਲਦੀ
 ਮੇਰੇ 'ਚੋਂ ਗੁਜ਼ਰਕੇ
 ਕਰ ਦੇਵੇਗੀ ਮੁਕਤ ਮੈਨੂੰ?

ਵਰਤਮਾਨ ਪਲਾਂ ਦੇ ਭਵਿੱਖ, ਵਰਤਮਾਨ ਅਤੇ ਭੂਤ ਵਿੱਚ ਵਿਭਾਜਨ ਰਾਹੀਂ ਪੈਦਾ ਹੋਣ ਵਾਲੀ ਅਨੰਤ ਕਾਲ ਯਾਤਰਾ ਭਾਵੇਂ ਮਨੁੱਖ ਦੀ ਵਿਅਕਤੀਗਤ ਚੇਤਨਾ ਅੰਦਰ ਹੀ ਵਾਪਰਦੀ ਹੈ, ਪਰ ਸਾਨੂੰ ਮਹਿਸੂਸ ਇੰਝ ਹੀ ਹੁੰਦਾ ਹੈ, ਜਿਵੇਂ ਕਿ ਸਪੇਸ ਵਾਂਗ ਕਾਲ ਦੀ ਵੀ ਸਾਡੀ ਚੇਤਨ ਇੱਛਾ ਤੋਂ ਪਾਰ ਆਪਣੇ ਆਪ ਵਿੱਚ ਹੀ ਨਿਊਟਰਲ ਮਾਧਿਅਮ ਵਜੋਂ ਇਕ ਵਾਸਤਵਿਕ ਹੋਂਦ ਹੋਵੇ। ਪਰ ਹਕੀਕਤ ਵਿਚ ਨਾ ਟਾਈਮ ਦੀ ਅਤੇ ਨਾ ਹੀ ਸਪੇਸ ਦੀ ਨਿਊਟਰਲ ਮਾਧਿਅਮ ਵਜੋਂ ਕੋਈ ਵਾਸਤਵਿਕ ਹੋਂਦ ਹੈ। ਦਰਅਸਲ ਉਹ ਜਿਸਨੂੰ ਅਸੀਂ ਯਥਾਰਥ ਆਖਦੇ ਹਾਂ ਉਹ ਸਾਡੀ ਟਾਈਮ ਅਤੇ ਸਪੇਸ ਦੀ ਅਜੇਹੀ ਸਮਝ ਵਿਚੋਂ ਹੀ ਪੈਦਾ ਹੁੰਦਾ ਹੈ।
ਅਸੀਂ ਯਥਾਰਥਵਾਦੀ ਚਿਤਰ ਕਿਸ ਨੂੰ ਆਖਦੇ ਹਾਂ? ਜਿਸ ਚਿੱਤਰ ਵਿੱਚ ਸਾਰੇ ਦ੍ਰਿਸ਼ ਨੂੰ ਇੱਕੋ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾਵੇ। ਜਿਵੇਂ ਕਿ ਕਿਸੇ ਇੱਕ ਥਾਂ ਤੇ ਖੜ• ਕੇ ਤਸਵੀਰ ਖਿੱਚੀ ਗਈ ਹੋਵੇ। ਸਾਰੇ ਚਿੱਤਰ ਨੂੰ ਇੱਕੋ ਸਾਂਝੇ ਪਰਿਪੇਖ (ਸਿੰਗਲ ਪੁਆਇੰਟ ਪਰਸਪੈਕਟਿਵ) ਵਿਚ ਪੇਸ਼ ਕਰਨਾ। ਪਰ ਮੱਧ ਕਾਲ ਵਿੱਚ ਚਿੱਤਰ ਇਸ ਤਰ•ਾਂ ਨਹੀਂ ਸਨ ਬਣਾਏ ਜਾਂਦੇ। ਤਸਵੀਰ ਵਿੱਚ ਪੇਸ਼ ਹੋਣ ਵਾਲੀਆਂ ਵੱਖ ਵੱਖ ਘਟਨਾਵਾਂ /ਪ੍ਰਸਥਿਤੀਆਂ/ਵਸਤੂਆਂ ਨੂੰ ਆਪੋ ਅਪਾਣੇ ਪ੍ਰਤਿਯੋਗੀ ਪਰਿਪੇਖਾਂ ਵਿੱਚ ਪੇਸ਼ ਕੀਤਾ ਜਾਂਦਾ ਸੀ। ਇਸ ਤਰ•ਾਂ ਅੱਜ ਦੇ ਇੱਕੋ ਸਾਂਝੇ ਪਰਿਪੇਖ ਵਾਲੀ ਯਥਾਰਥਵਾਦੀ ਤਸਵੀਰ ਦੇ ਮੁਕਾਬਲੇ ਉਸ ਵੇਲੇ ਦੀ ਬਹੁਪਰਿਪੇਖੀ ਤਸਵੀਰ ਤਿੜਕੀ ਹੋਈ ਸੀ। ਉਦਾਹਰਣ ਦੇ ਤੌਰ ਤੇ ਇਕ ਹਵੇਲੀ ਦੀ ਚਾਰਦੀਵਾਰੀ ਅੰਦਰ ਬਗੀਚੇ ਵਿੱਚ ਖ਼ੂਬਸੂਰਤ ਕੰਨਿਆਂ ਦਾ ਸ਼ਿੰਗਾਰ ਕਰ ਰਹੀਆਂ ਲੜਕੀਆਂ, ਬਾਲਕੋਨੀ ਵਿੱਚੋਂ ਕੰਨਿਆਂ ਨੂੰ ਦੇਖ ਰਿਹਾ ਰਾਜਕੁਮਾਰ, ਪਿੱਛੇ ਪਹਾੜੀ ਖੇਤ, ਅਸਮਾਨ ਵਿਚ ਬੱਦਲਾਂ ਦੀ ਕਾਲੀ ਘਟਾ ਆਦਿ ਸਭਨਾਂ ਨੂੰ ਆਪੋ ਆਪਣੇ ਪਰਿਪੇਖ ਅੰਦਰ ਸਿਰਜ ਕੇ ਇਕ ਸਾਂਝੇ ਚਿੱਤਰ ਵਿੱਚ ਬੰਨ ਦਿੱਤਾ ਜਾਂਦਾ ਸੀ ਜਿੱਥੇ ਇਹ ਸਾਰੇ ਪਰਿਪੇਖ ਇਕ ਦੂਸਰੇ ਨਾਲ ਕੰਪੀਟ ਕਰਦੇ ਦਿਖਾਈ ਦਿੰਦੇ ਸਨ। ਪਰ ਅੱਜ ਦੀ ਯਥਾਰਥਵਾਦੀ ਤਸਵੀਰ ਇਸ ਤਰ•ਾਂ ਤਿੜਕੀ ਹੋਈ ਨਹੀਂ। ਸਾਰਾ ਚਿੱਤਰ ਇੱਕੋ ਪਰਿਪੇਖ, ਜੋ ਅਨੰਤ ਦੂਰੀ ਤੱਕ ਫੈਲਿਆ ਹੁੰਦਾ ਹੈ, ਵਿੰਚ ਪੇਸ਼ ਕੀਤਾ ਜਾਂਦਾ ਹੈ। ਚਿੱਤਰਕਾਰ ਨੇ ਸਾਰੇ ਚਿੱਤਰ ਨੂੰ ਕਿਸੇ ਇਕ ਕੋਣ ਜਾਂ ਬਿੰਦੂ ਤੋਂ ਕਲਪਿਤ ਕਰਕੇ ਬਣਾਇਆ ਹੁੰਦਾ ਹੈ। ਅਜੇਹਾ ਕਰਦੇ ਸਮੇਂ ਉਹ ਦਰਸ਼ਕ ਦੇ ਦੇਖਣ ਲਈ ਵੀ ਉਹੋ ਹੀ ਕੋਣ ਜਾਂ ਬਿੰਦੂ ਨਿਸ਼ਚਿਤ ਕਰ ਦਿੰਦਾ ਹੈ।
ਦਰਸ਼ਕ ਉਸ ਚਿੱਤਰ ਨੂੰ ਤਾਂ ਭਾਵੇਂ ਕਿਸੇ ਵੀ ਕੋਨੇ ਤੋਂ ਦੇਖੇ, ਪਰ ਉਸ ਚਿੱਤਰ ਵਿੱਚ ਪੇਸ਼ ਨਜ਼ਾਰੇ ਨੂੰ ਉਹ ਉਸੇ ਕੋਣ ਜਾਂ ਬਿੰਦੂ ਤੋਂ ਦੇਖ ਰਿਹਾ ਹੁੰਦਾ ਹੈ, ਜਿੱਥੋਂ ਦੇਖਕੇ ਜਾਂ ਕਲਪਿਤ ਕਰਕੇ ਚਿੱਤਰਕਾਰ ਨੇ ਉਸਨੂੰ ਬਣਾਇਆ ਹੁੰਦਾ ਹੈ। ਇਸ ਲਈ ਉਹ ਿਚੱਤਰ ਕੇਵਲ ਚਿੱਤਰਕਾਰ ਦੇ ਪਰਿਪੇਖ ਨੂੰ ਹੀ ਪੇਸ਼ ਨਹੀਂ ਕਰਦਾ, ਜੋ ਵੀ ਉਸਨੂੰ ਦੇਖਦਾ ਹੈ, ਉਸੇ ਪਰਿਪੇਖ ਵਿੱਚ ਦੇਖਦਾ ਹੈ ਜਿਸ ਕਰਕੇ ਵਸਤੂਆਂ ਅਤੇ ਘਟਨਾਵਾਂ ਵਿਚਲੀਆਂ ਗਿਣਤੀਆਂ ਮਿਣਤੀਆਂ ਅਤੇ ਰਿਸ਼ਤੇ ਵੀ ਉਹੋ ਹੀ ਰਹਿੰਦੇ ਹਨ। ਅਜੇਹੇ ਚਿੱਤਰ ਵਿਚ ਪੇਸ਼ ਦ੍ਰਿਸ਼ ਫੇਰ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਨਜ਼ਰੀਆ ਨਾ ਰਹਿ ਕੇ ਇਕ ਬਾਹਰਮੁਖੀ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ। ਸੋ ਬਾਹਰਮੁਖੀ ਸੱਚ ਕੋਈ ਕੁਦਰਤੀ ਸੱਚ ਨਹੀਂ ਹੁੰਦਾ, ਇਹ ਤਾਂ ਯਥਾਰਥਵਾਦੀ ਰਵਾਇਤਾਂ ਵਿੱਚੋਂ ਪੈਦਾ ਹੋਇਆ ਦ੍ਰਿਸ਼ਟੀ ਦਾ ਇੱਕ ਤਰਕ ਹੈ। ਪਰ ਪੁੰਜੀਵਾਦੀ ਵਿਚਾਰਧਾਰਾ ਨੇ ਯਥਾਰਥਵਾਦੀ ਦ੍ਰਿਸ਼ ਅਤੇ ਦ੍ਰਿਸ਼ਟੀ ਦੇ ਇਸ ਤਰਕ ਨੂੰ ਕੁਦਰਤੀ ਸੱਚ ਦੇ ਰੂਪ ਵਿੱਚ ਹੀ ਸਵੀਕਾਰ ਕੀਤਾ ਹੋਇਆ ਹੈ।
ਜਿਵੇਂ ਯਥਾਰਥਵਾਲੀ ਚਿੱਤਰਕਾਰੀ ਲਈ ਸਮਰੂਪੀ ਨਿਰਪੇਖ ਸਪੇਸ ਦੀ ਲੋੜ ਸੀ, ਇਸੇ ਤਰ•ਾਂ ਯਥਾਰਥਵਾਦੀ ਬਿਰਤਾਂਤ ਜਾਂ ਫੇਰ ਕਿ ਇਤਿਹਾਸਕ ਬਿਰਤਾਂਤ ਦੀ ਸਿਰਜਣਾ ਲਈ ਟਾਈਮ/ਕਾਲ ਨੂੰ ਵੀ ਭੂਤ ਅਤੇ ਭਵਿੱਖ ਵਿੱਚ ਅਨੰਤਤਾ ਤੱਕ ਫੈਲੇ ਹੋਏ ਸਮਰੂਪੀ ਨਿਊਟਰਲ ਮਾਧਿਅਮ ਵਜੋਂ ਪੇਸ਼ ਕੀਤੇ ਜਾਣ ਦੀ ਆਵੱਸ਼ਕਤਾ ਮਹਿਸੂਸ ਹੋਣ ਲੱਗੀ। ਇਤਿਹਾਸ, ਜੀਵ ਵਿਕਾਸ, ਪਦਾਰਥਕ ਤਰੱਕੀ, ਵਿਰੋਧ ਵਿਕਾਸੀ ਪਦਾਰਥਵਾਦ, ਵਿਗਿਆਨ ਆਦਿ ਕੁਝ ਵੀ ਇਸ ਕਾਲ ਦੀ ਇਕ ਸਮਰੂਪੀ ਨਿਰਪੇਖ ਮਾਧਿਅਮ ਵਜੋਂ ਪਰਿਕਲਪਨਾ ਤੋਂ ਬਿਨਾਂ ਸੰਭਵ ਨਹੀਂ ਸੀ। ਜਿਵੇਂ ਨਿਊਟਰਲ ਸਪੇਸ ਵਿਚੋਂ ਨਿਸ਼ਚਲ ਸੱਚ ਦਾ ਜਨਮ ਹੋਇਆ, ਇਸੇ ਤਰ•ਾਂ ਨਿਊਟਰਲ ਟਾਈਮ ਵਿੱਚੋਂ ਇਤਿਹਾਸਕ ਯਥਾਰਥ ਦਾ ਜਨਮ ਹੁੰਦਾ ਹੈ। ਤਬਦੀਲੀ ਅਤੇ ਵਿਕਾਸ ਦੇ ਹਰ ਸਿਧਾਂਤ ਪਿੱਛੇ ਟਾਈਮ/ਕਾਲ ਦੀ ਇਕ ਨਿਊਟਰਲ ਮਾਧਿਅਮ ਵਜੋਂ ਇਹ ਸਮਝ ਹੀ ਕੰਮ ਕਰ ਰਹੀ ਹੈ।
ਜਿਵੇਂ ਨਿਊਟਰਲ ਸਪੇਸ ਵਿੱਚ ਪੇਸ਼ ਹੋਣ ਵਾਲਾ ਯਥਾਰਥਵਾਦੀ ਦ੍ਰਿਸ਼ ਸਾਡੀ ਦ੍ਰਿਸ਼ਟੀ ਨੂੰ ਜੁਮੈਟਰੀਕਲ ਤਰਕ ਪ੍ਰਦਾਨ ਕਰਦਾ ਹੈ, ਬਿਲਕੁਲ ਇਸੇ ਤਰ•ਾਂ ਯਥਾਰਥਵਾਦੀ ਬਿਰਤਾਂਤ ਵਿਚ ਪੇਸ਼ ਹੋਣ ਵਾਲਾ ਟਾਈਮ/ਕਾਲ ਸਾਡੀ ਚੇਤਨਾ ਨੂੰ 'ਕਾਰਨ ਕਾਰਜ' ਜਾਂ 'ਉਦੇਸ਼ ਕਾਰਜ' ਨਾਲ ਸਬੰਧਤ ਤਰਕ ਵਿਚ ਢਾਲ ਦਿੰਦਾ ਹੈ।
ਜਿਵੇਂ ਦ੍ਰਿਸ਼ ਦੇ ਅਨੁਭਵ ਲਈ ਦ੍ਰਿਸ਼ਟੀ ਦੀ ਲੋੜ ਹੈ, ਇਸੇ ਤਰ•ਾਂ ਕਾਲ ਦੇ ਅਨੁਭਵ ਲਈ ਚੇਤਨਾ ਦੀ ਆਵੱਸ਼ਕਤਾ ਹੁੰਦੀ ਹੈ। ਇਹ ਅਨੁਭਵਸ਼ੀਲ ਵਿਅਕਤੀਗਤ ਚੇਤਨਾ ਵਰਤਮਾਨ ਪਲਾਂ ਨੂੰ ਭੂਤ, ਵਰਤਮਾਨ ਅਤੇ ਭਵਿੱਖ ਵਿੱਚ ਵਿਭਾਜਿਤ ਕਰਕੇ ਕਿਵੇਂ ਲਗਾਤਾਰਤਾ, ਨਿਰੰਤਰਤਾ ਅਤੇ ਸਦੀਵਤਾ ਵਿੱਚ ਬੱਝੇ ਹੋਏ ਨਿਰਪੇਖ ਕਾਲ ਨੂੰ ਜਨਮ ਦਿੰਦੀ ਹੈ, ਇਹ ਆਪਾਂ ਦੇਖ ਚੁੱਕੇ ਹਾਂ।
ਸੋ ਯਥਾਰਥਵਾਦੀ ਦ੍ਰਿਸ਼ ਵਾਂਗ ਹੀ ਇਤਿਹਾਸਕ ਯਥਾਰਥ ਵੀ ਕੋਈ ਕੁਦਰਤੀ ਸੱਚ ਨਹੀਂ ਹੁੰਦਾ, ਪੂੰਜੀਵਾਦੀ ਇਤਿਹਾਸਕ ਪਰੰਪਰਾਵਾਂ ਵਿੱਚੋਂ ਪੈਦਾ ਹੋਇਆ ਸਾਡੀ ਚੇਤਨਾ ਦਾ ਤਰਕ ਹੈ ਜਿਸ ਨੂੰ ਅਸੀਂ ਬਾਹਰਮੁਖੀ ਸੱਚ ਵਜੋਂ ਸਵੀਕਾਰ ਕੀਤਾ ਹੋਇਆ ਹੈ। ਵਿਅਕਤੀਗਤ ਚੇਤਨਾ ਵਿੱਚ ਪੈਦਾ ਹੋਣ ਵਾਲਾ ਇਹ ਤਰਕ ਇਕ ਅਜੇਹੇ ਸਰਬ ਸਾਂਝੇ ਨਿਊਟਰਲ ਟਾਈਮ ਸਪੇਸ ਨੂੰ ਜਨਮ ਦਿੰਦਾ ਹੈ ਜਿਸ ਵਿੱਚ ਮਨੁੱਖ ਅਤੇ ਸ੍ਰਿਸ਼ਟੀ ਸਮੇਤ ਸਭ ਕੁਝ ਜਨਮਦਾ, ਬਦਲਦਾ, ਵਿਗਸਦਾ ਅਤੇ ਮਰਦਾ ਦਿਖਾਈ ਦਿੰਦਾ ਹੈ। ਇਸੇ ਲਈ ਸਵਰਨਜੀਤ ਸਵੀ ਇਸ ਅਨੰਤ ਕਾਲ ਯਾਤਰਾ ਅੰਦਰ ਇੱਕ ਅਹਿੱਲ ਯਾਤਰੀ ਵਾਂਗ ਸ਼ਿਰਕਤ ਕਰਨ ਦੀ ਲਾਲਸਾ ਪ੍ਰਗਟਾਉਂਦਾ ਹੈ :

ਇਹ ਭੈਅ ਹੀ ਤਾਂ ਸੀ
ਕਿ 'ਮੱਮੀ' ਬਣਕੇ
ਫਿਰ ਤੋਂ ਜਿਉਣ ਦੀ ਲਾਲਸਾ ਜਾਗੀ
ਅਨੰਤ ਯਾਤਰਾ 'ਚ
'ਅਹਿੱਲ ਯਾਤਰੀ' ਵਾਂਗ ਸ਼ਿਰਕਤ ਕਰਨ ਦੀ 
ਲਾਲਸਾ
ਭਰਪੂਰ ਜ਼ਿੰਦਗੀ ਦੀ
ਗਤੀਸ਼ੀਲਤਾ ਤੋਂ ਬਾਅਦ
 ਪਿਰਾਮਿਡਾਂ ਥੱਲੇ . . . 
... ...
... ...
ਪਰ ਇਹ ਕੰਬਖ਼ਤ ਵਕਤ
ਤੇ ਕੁਦਰਤ ਦੀ ਯਾਤਰਾ
ਕਿਵੇਂ ਪੁਰਜ਼ਾ ਪੁਰਜ਼ਾ ਕਰਵਾ ਦਿੰਦੀ ਹੈ
ਮੇਰੀ ਹੀ ਜ਼ਾਤ ਤੋਂ

ਮੌਤ ਤੋਂ ਪਾਰ ਹੋ ਕੇ ਵੀ
ਮੈਂ
ਮਹਾਂਮੌਤ ਦੀ ਜਕੜ 'ਚ ਹਾਂ।

ਇਸ ਅਨੰਤ ਯਾਤਰਾ ਦੀ ਲਾਲਸਾ ਹੀ ਅਮਰਤਵੇਤਾ ਦੀ ਲਾਲਸਾ ਹੈ ਜੋ ਸਿਰਜਣਾਤਮਕਤਾ ਦੇ ਵੱਖ ਵੱਖ ਰੂਪਾਂ ਵਿੱਚ ਪੇਸ਼ ਹੁੰਦੀ ਹੈ :
ਹੇ ਪੁਰਖਿਓ
ਮਨੁੱਖਤਾ ਦੇ ਜਾਹੋ-ਜਲਾਲ ਭਰੇ ਮਹਾਂਮਾਨਵੋ
ਤੁਹਾਡੀਆਂ ਅਮਰਤੱਵ ਲਈ
ਸਭ ਕੋਸ਼ਿਸ਼ਾਂ ਦੇ ਬਾਵਜੂਦ
ਤੁਸੀਂ ਨਸ਼ਟ ਹੋ ਰਹੇ ਹੋ

ਪਰ ਕੁਦਰਤ ਦੇ
ਕਾਲਕੀ ਉਤਸਵ ਦੀ
ਮਹਾਂ ਯਾਤਰਾ ਦਾ ਕਮਾਲ ਹੈ ਇਹ
ਕਿ ਅਸੀਂ ਤੁਹਾਨੂੰ
ਦੇਖ ਲਿਆ - ਲੱਭ ਲਿਆ

ਹੁਣ ਤੁਹਾਡੀ ਅਮਰਤੱਵ ਦੀ ਲਾਲਸਾ
ਸਾਡੀਆਂ ਅੱਖਾਂ ਮਨਾਂ ਰਾਹੀਂ
 ਸਾਡੇ ਸਾਧਨਾ ਰਾਹੀਂ
ਤੁਹਾਨੂੰ ਹੋਰ ਬਹੁਤ ਸਦੀਆਂ ਤੀਕ
 ਜਿਉਂਦੇ ਰੱਖ ਸਕੇਗੀ
ਤੁਹਾਨੂੰ ਨਹੀਂ
ਤੁਹਾਡੀ ਅਨੰਤ ਲਾਲਸਾ 'ਚ ਲਿਪਟੀ 'ਮੱਮੀ' ਨੂੰ

ਤੁਸੀਂ ਜੋ ਜੰਗ ਛੇੜੀ
ਕੁਦਰਤ ਨਾਲ ਕਾਲ ਨਾਲ
ਜਿੱਤਣ ਜਾ ਰਹੇ ਹੋ
ਉਸਦੇ ਸਹਿਯੋਗ ਨਾਲ ਹੀ
ਤੁਹਾਡੀ ਇੱਛਾ ਸਮਰੱਥਾ ਨੂੰ ਸਲਾਮ!
ਤੁਹਾਡੀ ਜੰਗੀ ਦੁਸ਼ਮਣ
ਕੁਦਰਤ ਦੀ ਦੋਸਤੀ ਨੂੰ ਸਲਾਮ!
ਮਨ 'ਚ ਬੈਠੀ
ਮੌਤ ਦੀ ਪਰਛਾਈ ਨੂੰ ਸਲਾਮ!

ਟਾਈਮ / ਕਾਲ ਇਕੋ ਦਿਸ਼ਾ ਵਿੱਚ ਚੱਲਦਾ ਹੈ। ਭਵਿੱਖ ਦੀ ਦਿਸ਼ਾ ਵਿੱਚ

ਕਿਸੇ ਇਕ ਬਿੰਦੂ ਦੇ
ਖਿਲਾਅ 'ਚੋਂ ਉਗਮਣ
ਤੇ ਅਸਤ ਹੋ ਜਾਣ ਦਾ ਨਾਮ ਹੈ - ਵਕਤ

ਮਹਿਬੂਬ ਦੀਆਂ ਯਾਦਾਂ ਦੇ
ਉਦਾਸ ਨਗਮਿਆਂ ਤੋਂ
ਕੁਝ ਵਰਿ•ਆਂ ਬਾਅਦ
ਬੀਵੀ ਦੀਆਂ ਅੱਖਾਂ 'ਚ
 ਮੱਧਮ ਪੈਂਦਿਆਂ ਪੈਂਦਿਆਂ
ਵਿਆਹ ਦੀ ਐਲਬਮ 'ਚ
ਕਿਧਰੇ
ਗੁਆਚ ਜਾਣ ਦਾ ਨਾਮ ਹੈ - ਵਕਤ

ਖੁਦੋ ਗੀਟੀਆਂ ਤੋਂ
ਵਗਦੇ ਝਰਨਿਆਂ ਵਰਗੇ ਵੇਗ ਦਾ
ਬੇਸੁਆਦ ਮੂੰਹ ਨਾਲ
ਉਦਾਸ ਅੱਖਾਂ ਦਾ
ਅਸਤਦੇ ਸੂਰਜ ਨਾਲ
ਆਖ਼ਰੀ ਸੰਵਾਦ ਦਾ ਨਾਮ ਹੈ ਵਕਤ
ਪੁਲਾਂ ਹੇਠੋਂ ਲੰਘੇ ਪਾਣੀ ਨੂੰ
ਉਸੇ ਰਾਹ ਦੁਬਾਰਾ ਲੰਘਾਉਣ ਦੀ
ਬੇਬਸੀ ਦਾ ਨਾਮ ਹੈ - ਵਕਤ

ਮੇਰੇ ਅਹਿਸਾਸਾਂ ਦਾ
ਅੰਦਰ ਉਗਮਦੇ ਸੁਰਾਂ ਰਾਗਾਂ ਦਾ
ਤੇਰੇ ਤੀਕ ਪਛੜਕੇ ਪਹੁੰਚਣ ਦਾ ਨਾਮ ਹੈ - ਵਕਤ 

ਇਸ ਲਈ ਜੀਵਨ ਵੀ ਇਸੇ ਦਿਸ਼ਾ ਭਾਵ ਜਨਮ ਤੋਂ ਜੁਆਨੀ, ਜੁਆਨੀ ਤੋਂ ਬੁਢੇਪੇ ਅਤੇ ਬੁਢੇਪੇ ਤੋਂ ਮੌਤ ਦੀ ਦਿਸ਼ਾ ਵੱਲ ਵਧਦਾ ਹੈ। ਮੌਤ ਤੋਂ ਜਨਮ ਵੱਲ ਦੀ ਉਲਟ ਯਾਤਰਾ ਵਰਜਿਤ ਹੈ। ਇਸੇ ਤਰ•ਾਂ ਮੌਤ ਵੀ ਟਾਈਮ/ਕਾਲ ਵਾਂਗ ਹੀ ਇਕ ਇਰਰੀਵਰਸੀਬਲ ਘਟਨਾ ਹੈ :

ਨਹੀਂ
ਤੇਰੇ ਤੋਂ ਨਹੀਂ
ਮੈਂ ਤਾਂ ਇਸ ਲਈ ਡਰਦਾ ਹਾਂ
ਕਿ ਮੈਨੂੰ ਪਤਾ ਹੈ
ਕਿ ਤੂੰ ਆਉਣਾ ਹੈ ਇਕ ਦਿਨ

ਬਸ ਜੇ ਨਹੀਂ ਪਤਾ ਲਾਂ ਏਨਾ 
ਕਿ ਕਦ ਆਉਣਾ ਹੈ
  ਉਹ ਪਲ

ਮੈਂ ਤਾਂ
ਉਸ ਪਲ ਦੀ ਉਡੀਕ 'ਚ ਡਰਦਾ ਹਾਂ

ਵਿਗਿਆਨੀਆਂ ਨੇ ਇਸ ਦਿਸ਼ਾ ਬੱਧ ਕਾਲ ਯਾਤਰਾ ਨੂੰ ਐਨਟਰਾਪੀ ਵਿਚ ਵਾਧੇ ਭਾਵ ਦੁਨੀਆਂ ਦੀ ਵਿਕੀਰਣਤਾ ਜਾਂ ਨਸ਼ਟਤਾ ਦੀ ਦਿਸ਼ਾ ਕਿਹਾ ਹੈ। ਸਵੀ ਵੀ ਇਹੋ ਕਹਿੰਦਾ ਹੈ :

ਤੂੰ 
ਨਾ ਗਿਆਨ
ਨਾ ਅਗਿਆਨ ਕਾਰਨ ਹੈ

ਤੂੰ ਤਾਂ ਬਸ
ਮੇਰੇ ਜਿਸਮ ਦੀ ਕਿਤਾਬ ਨੂੰ
ਘੁੱਣ ਵਾਂਗ ਚੱਟ ਰਹੀ ਹੈਂ ਹਰ ਪਲ

ਤੇ ਉਹ ਗ਼ਰਦ
ਜੋ ਧੀਮੇ ਧੀਮੇ ਕਿਰਦਾ ਹੈ ਮੇਰੇ 'ਚੋਂ

ਉਸ ਗ਼ਰਦ ਦੀ ਦਹਿਸ਼ਤ
ਕਿ ਮੈਂ ਹੁਣੇ ਹਾਂ
 ਤੇ ਹੁਣੇ ਨਹੀਂ

ਦਰਅਸਲ ਮਨੁੱਖੀ ਜੀਵਨ ਦੀ ਇਸ ਦਿਸ਼ਾ ਬੱਧ ਕਾਲ ਯਾਤਰਾ ਵਿੱਚੋਂ ਹੀ ਸਵਰਨਜੀਤ ਸਵੀ ਦੀ ਇਸ ਪੁਸਤਕ 'ਆਸ਼ਰਮ' ਦਾ ਨਾਮਕਰਣ ਹੋਇਆ ਹੈ। ਪਰੰਪਰਾ ਅਨੁਸਾਰ ਭਾਰਤੀ ਸਮਾਜ ਆਪਦੇ ਵਿਅਕਤੀ ਦੇ ਜੀਵਨ ਕਾਲ ਨੂੰ ਚਹੁੰ ਆਸ਼ਰਮਾਂ ਵਿੱਚ ਵੰਡ ਕੇ ਦੇਖਦਾ ਸੀ। ਬਚਪਨ ਦੀ ਸਟੇਜ ਪਾਰ ਕਰਕੇ ਜਨੇਊ ਪਹਿਨਣ ਦੀ ਪ੍ਰਥਾ ਸੰਪੰਨ ਹੋ ਜਾਣ ਬਾਅਦ ਅਪਾਣੇ ਗੁਰੂ ਕੋਲ ਰਹਿ ਕੇ ਵਿੱਦਿਆ ਹਾਸਲ ਕਰਦੇ ਸਮੇਂ ਉਹ ਬ੍ਰਹਮਚਾਰੀ ਜੀਵਨ ਬਤੀਤ ਕਰਦਾ ਸੀ। ਵਿੱਦਿਆ ਉਪਰੰਤ ਘਰ ਵਾਪਿਸ ਪਰਤਕੇ ਸ਼ਾਦੀ ਕਰਨ ਤੋਂ ਬਾਅਦ ਉਹ ਆਪਣੇ ਜੀਵਨ ਦੇ ਦੂਸਰੇ ਪੜਾਅ ਵਿੱਚ ਇਕ ਗ੍ਰਹਿਸਥੀ ਵਜੋਂ ਦਾਖਲ ਹੁੰਦਾ ਹੈ। ਆਪਣੀਆਂ ਸਾਰੀਆਂ ਪਰਿਵਾਰਕ ਜਿੰਮੇਵਾਰੀਆਂ ਨਿਪਟਾ ਲੈਣ ਬਾਅਦ ਮੋਹ ਮਾਇਆ ਤੋਂ ਮੁਕਤ ਹੋਣ ਲਈ ਉਹ ਬਾਨ ਪ੍ਰਸਥ ਆਸ਼ਰਮ ਵਿੱਚ ਪਹੁੰਚ ਜਾਂਦਾ ਹੈ। ਅੰਤ ਵਿਚ ਸੰਸਾਰ ਦੀ ਮੋਹ ਮਾਇਆ ਨੂੰ ਤਿਆਗ ਕੇ ਸਨਿਆਸੀ ਬਣ ਜਾਂਦਾ ਹੈ। ਇਹ ਜੀਵਨ ਕਾਲ ਦੇ ਰਿਦਮ ਦੀ ਇਕ ਆਦਰਸ਼ਕ ਤਸਵੀਰ ਸੀ। ਭਾਵੇਂ ਭਾਰਤੀ ਸਮਾਜ ਆਪਣੇ ਹਰ ਇਕ ਵਿਅਕਤੀ ਕੋਲੋਂ ਇਹ ਤਵੱਕੋਂ ਰੱਖਦਾ ਸੀ ਕਿ ਉਹ ਆਪਣੇ ਜੀਵਨ ਕਾਲ ਨੂੰ ਇਹਨਾਂ ਆਦਰਸ਼ਕ ਸਟੇਜਾਂ ਵਿਚ ਰਹਿ ਕੇ ਹੀ ਬਤੀਤ ਕਰੇ। ਪਰ ਬਹੁਤ ਹੀ ਘੱਟ ਲੋਕਾਂ ਨੇ ਇਸ ਵੰਡ ਨੂੰ ਅਪਣਾਇਆ ਹੋਵੇਗਾ। ਸਵੀ ਦੀ ਕਵਿਤਾ ਵੀ ਇਸ ਵੰਡ ਨੂੰ ਨਹੀਂ ਅਪਣਾਉਂਦੀ। ਉਦਾਹਰਣ ਦੇ ਤੌਰ ਤੇ ਉਸ ਦੀ ਕਵਿਤਾ 'ਚੁੱਪ ਚਾਂ ਵਿਚੀਂ ਲੰਘਦਿਆਂ' ਇਸ ਪਰੰਪਰਾਗਤ ਵੰਡ ਦੀ ਥਾਂ ਨਵੇਂ ਪੜਾਅ ਸਿਰਜਦੀ ਹੈ:

ਅੱਖਾਂ ਬੰਦ ਕਰਕੇ
ਧਿਆਨ ਦੀ ਚੁੱਪ-ਚਾਂ ਵਿੱਚੀਂ ਲੰਘਦਿਆਂ
ਜਿੱਥੇ ਕਿਤੇ ਵੀ
ਕੇਂਦਰ ਬਣਦਾ ਹੈ ਮਨ ਦਾ
ਅਨੰਤ ਹਨੇਰ ਦੀ ਗਹਿਰੀ ਚੁੱਪ 'ਚੋਂ
ਵਕਤ ਦੀ ਗਰਦ ਦੀ ਤਹਿ
ਉੱਤਰਦੀ ਹੈ
ਤੇ ਲਿਸ਼ਕਦਾ ਹੈ ਉਹ ਪਲ
 ਜੋ ਪਹਿਲਾਂ ਬਹੁਤ ਪਹਿਲਾਂ
 ਕਿਤੇ ਤਿਲ•ਕ ਗਿਆ  ਸੀ
 ਹੱਥਾਂ 'ਚੋਂ
ਸਕੂਲ, ਫੱਟੀ, ਗਾਚਣੀ
ਤੇ ਸੂਰਜ ਦੀ ਧੁੱਪ ਨਾਲ ਆੜੀ
ਆਉਂਦੇ ਜਾਂਦੇ
ਰੁਕਦੇ ਪੈਰਾਂ ਦੀ ਠਾਹਰ
ਉਹ ਬਜ਼ੁਰਗ ਬਾਬਾ ਕਲਮ ਵਾਲਾ
 ਕਰਮਾਂ ਵਾਲਾ
 ਫ਼ਕੀਰ ਕੋਈ ਸੂਫ਼ੀ ਸੰਤ
ਜਿਸਦੀਆਂ ਘੜੀਆਂ ਕਲਮਾਂ 'ਚੋਂ
ਅੱਜ ਵੀ ਮਿਲਦਾ ਹੈ
ਅੱਖਰਾਂ ਸ਼ਬਦਾਂ ਦੀ ਬਾਰਸ਼ ਦਾ ਨਿੱਘ
 ਮੇਰੇ ਤੱਕ ਪਹੁੰਚਦਾ
ਮੇਰੇ ਅੰਦਰ ਘਰ ਕਰ ਗਿਆ ਹੈ
ਉਸ ਬਾਬੇ ਨੇ ਕਲਮਾਂ ਨਹੀਂ
ਸ਼ਬਦਾਂ ਸੰਗ ਜਿਉਣ ਦੀ
ਆਸੀਸ ਦਿੱਤੀ ਸੀ ਮੈਨੂੰ
... ... ... 
... ... ...
ਨਾਨੀ ਦਾ ਚਿਹਰਾ ਝੁਰੜੀਆਂ ਨਾਲ ਭਰਿਆ
ਹੱਸਦੀ ਨਾਨੀ ਦੇ ਚਿਹਰੇ ਦੀਆਂ
  ਝੁਰੜੀਆਂ
ਕਿੰਨੀਆਂ ਸੋਹਣੀਆਂ ਲੱਗਦੀਆਂ
ਜਿਵੇਂ ਹਵਾ ਲੰਘਦੀ ਰੇਤ 'ਚੋਂ
 ਬਣਾ ਦਿੰਦੀ ਕਈ ਰਾਹ ਛੋਟੇ ਛੋਟੇ
ਨਾਨੀ ਤੇ ਉਹ ਚਰਖ਼ਾ
ਤੇ ਗਾਉਂਦਿਆਂ ਗਾਉਂਦਿਆਂ ਉੱਠਦਾ
 ਉਹਦਾ ਹੱਥ
ਸ਼ਬਦਾਂ ਦੀ ਤਾਰ ਖਿੱਚਦਾ . . .  ਚਿੱਟੀ ਤਾਰ
ਉਹਦਾ ਸੰਦੂਕ
ਰਹੱਸਮਈ  ਡੂੰਘਾ  ਗਹਿਰਾ
ਮੈਨੂੰ ਉਤਾਰ ਦਿੰਦੀ ਨਿੱਕੀ ਜਿਹੀ ਬਾਰੀ ਚੋਂ
 ਨਾਨੀ ਸੰਦੂਕ 'ਚ
ਪੁੱਤ ਸੱਜੇ ਪਾਸੇ ਹੇਠਾਂ
 ਖੂੰਜੇ 'ਚ - ਹਾਂ, ਇਹ ਚੱਕ ਲਿਆ
ਤੇ ਮੈਂ ਜੋ ਵੀ ਆਉਂਦਾ ਹੱਥ 'ਚ
ਫੜਾ ਦਿੰਦਾ ਨਾਨੀ ਨੂੰ
ਤੇ ਕਮਾਲ ਲਗਦਾ ਜਦੋਂ ਨਾਨੀ ਨੂੰ
ਉਹੀ ਚੀਜ਼ ਚਾਹੀਦੀ ਹੁੰਦੀ
... ... ... ...
... ... ... ...
ਬਾਪੂ ਭਜਾਉਂਦਾ ਮੈਨੂੰ ਦੁੱਧ ਦਾ ਗਿਲਾਸ ਪਿਆਕੇ
ਭਜਾਉਂਦਾ ਵਛੇਰਿਆਂ ਮਗਰ ਮੈਨੂੰ ਤੇ ਰਾਣੀ ਨੂੰ
ਪਤਾ ਨਹੀਂ ਉਹ ਮੈਨੂੰ ਕੀ ਬਣਾਉਣਾ ਚਾਹੁੰਦਾ
ਬਿੱਲਿਆ ਤਕੜਾ ਹੋ ਜਾ
ਪ²ਤਾ ਨਹੀਂ ਮੈਂ ਉਸਦੇ ਮਨ 'ਚ ਉੱਕਰੇ
ਪੋਤੇ ਵਰਗਾ ਹੋਇਆ ਕਿ ਨਹੀਂ
ਪਰ ਉਸਦੀ ਸੇਪੀ
ਦਾਤੀਆਂ ਦੇ ਦੰਦੇ
 ਹਲ਼ਾਂ ਦੇ ਫ਼ਾਲੇ
ਤੇ ਜੱਟੀਆਂ ਦੇ ਘਰੀਂ ਕੀਤੇ ਮਖੌਲ
ਉਹਦੀਆਂ ਅਨੰਤ ਯਾਰੀਆਂ ਸਖੀਆਂ
ਅੱਜ ਵੀ ਬਾਪੂ
ਸਗਵੇਂ ਦਾ ਸਗਵਾਂ ਤੁਰਦੈ ਮੇਰੇ ਅੰਗ ਸੰਗ
ਪਿਤਾ ਦੀਆਂ ਘੁਰਕੀਆਂ ਤੋਂ ਬਚਾਉਂਦਾ
ਮੇਰੇ ਹੱਕ 'ਚ ਖੜ•ਦਾ
ਮੇਰਾ ਗਰੇਟ ਬਾਪੂ
... ... ... ...
... ... ... ...
ਤੇ ਉਹ ਮੈਡਮ ਇੰਦਰਾ
ਜੋ ਕੁਰਸੀ ਤੇ ਖਾਸ ਤਰ•ਾਂ ਨਾਲ ਬੈਠਦੀ
ਜਿਵੇਂ ਵੀ ਬੈਠਦੀ ਸੋਹਣੀ ਲਗਦੀ
ਤੇ ਮੈਂ ਆਪਣੇ ਟਾਟ ਤੇ ਸਭ ਤੋਂ ਮੂਹਰੇ ਬੈਠਦਾ
 ਕੁਰਸੀ ਦੇ ਨੇੜੇ ਹੋ ਕੇ
 ਹਰ ਵੇਲੇ ਉਸਨੂੰ ਤੱਕਦਾ
 ਕਿੰਨਾ ਨਿੱਘਾ ਨਿੱਘਾ ਲਗਦਾ
 ਕਿੰਨਾ ਚੰਗਾ ਚੰਗਾ ਲਗਦਾ
 ਮੈਡਮ ਦਾ ਬੁਲਾਉਣਾ
  ਉਠਾਉਣਾ ਸਮਝਾਉਣਾ ਸਭ
... ... ... ...

ਉਹ ਹਵੇਲੀ ਵਾਲੇ ਸੁਨੀਤਾ ਮੈਡਮ
ਜਿਸ ਕੋਲ ਮੈਂ ਪੜ•ਦਾ ਸਕੂਲੋਂ ਆ ਕੇ
ਜਾਂ ਉਂਜ ਹੀ ਚਲਾ ਜਾਂਦਾ
ਬੱਸ ਦੇਖਦਾ ਉਹਨੂੰ
ਬੀਜੀ ਨਾਲ ਮੰਜੇ ਤੇ ਬੈਠਦਾ
ਗੱਲਾਂ ਕਰਦਾ
ਚੰਗਾ ਲਗਦਾ ਉਸਦਾ ਮੇਰੀਆਂ
 ਗੱਲ•ਾਂ ਪੱਟਣਾ
ਕਦੇ ਜੂੜਾ ਹਿਲਾਉਣਾ
... ... ...
... ... ...
ਉਹ ਪਤੰਗ ਦੇ ਤੁਣਕੇ
ਪੈਰਾਂ ਦਾ ਹੌਲੀ ਹੌਲੀ ਪਿੱਛੇ ਜਾਣਾ
ਤੇ ਮੋਘੇ• 'ਚੋਂ
ਨਲਕੇ ਦੀ ਹੱਥੀ ਤੇ ਡਿੱਗਣਾ, ਕਿੱਲ ਦਾ ਲੱਤ 'ਚ ਖੁੱਭਣਾ
ਤੇ ਦੂਜੇ ਦਿਨ
''ਮੋਹਣ ਸਿਆਂ ਲੈਜਾ ਬਈ ਤੂੰ ਬਿੱਲੇ ਨੂੰ
 ਮੈਥੋਂ ਨਹੀਂ ਸਾਂਭੀਦਾ ਹੁਣ''
ਕਹਿੰਦਿਆਂ ਬਾਪੂ
ਉਦਾਸ ਅੱਖਾਂ ਨਾਲ
ਦਾੜ•ੀ 'ਚ ਉਂਗਲਾਂ ਫੇਰਨ ਲੱਗਾ
... ... ... ...
... ... ... ...
ਕਾਲੂ ਦੀ ਆੜੀ-ਰਾਜ ਦੀ ਯਾਰੀ
ਘੁਮਿਆਰਾਂ ਦਾ ਚੱਕਾ ਘੁੰਮਦਾ
ਉੱਪਰ ਮਿੱਟੀ ਨੱਚਦੀ
ਸ਼ਕਲਾਂ ਬਦਲਦੀ
ਘੁੰਮਦੀ ਤਿਲਕਦੀ ਉਂਗਲਾਂ ਵਿਚੀਂ
ਜਿਵੇਂ ਜਿੰਦ ਧੜਕਦੀ
ਹੁਣ ਵੀ ਹੱਥਾਂ ਨੂੰ ਉਹ
ਜੁੰਬਿਸ਼ ਯਾਦ ਹੈ
.. ... ... ...
... ... ... ...
ਕੁੱਕੀ ਦਾ ਆਉਣਾ
ਭਰੇ ਬਜਾਰੀਂ ਖ਼ਤ ਦੇਣਾ
ਖ਼ਤ ਲੈਣਾ
ਹਰ ਰੋਜ਼ ਦੀ ਮਸਤੀ
.. .. .. ..
ਤੇ ਫਿਰ ਮੇਰਾ ਫਾਈਨਲ ਦਾ ਪਰਚਾ
ਹੱਥਾਂ ਦਾ ਰੁਕਣਾ
ਪਰਚਾ ਅਧੂਰਾ ਛੱਡ ਜਗਰਾਉਂ ਭੱਜਣਾ
ਸਿਵਲ ਹਸਪਤਾਲ 'ਚ
ਉਹ ਅਧਜਲਿਆ ਚਿਹਰਾ
ਉਹ ਅੰਤਾਂ ਦੀਆਂ ਤਰਲ ਅੱਖਾਂ
ਉਦਾਸ ਡੂੰਘੀਆਂ
ਚਿਪਕ ਗਈਆਂ ਨੇ
ਮੇਰੇ ਜਿਸਮ ਤੇ
ਮੇਰੀਆਂ ਅੱਖਾਂ  ਹੱਥਾਂ  ਯਾਦਾਂ 'ਚ ਸਦਾ ਸਦਾ ਲਈ
.. ... ... ...
... ... ... ...
ਮਾਂ ਮੇਰੀ ਦੀਆਂ ਮਜ਼ਬੂਰੀਆਂ
ਬੱਚਿਆਂ ਦੀਆਂ - ਘਰ ਦੀਆਂ - ਰਸੋਈ ਦੀਆਂ
ਮਾਂ ਦੀਆਂ ਅੱਖਾਂ ਤੇ ਬੁੱਲ
ਸਬਰ ਦੇ ਡੂੰਘੇ ਖੂਹ
ਸਹਿੰਦੇ ਸੁਣਦੇ ਸਭ ਕੁਝ
ਚੁੱਪ ਚਾਹ
.. ... ... ...
... ... ... ...
ਫਿਰ ਮੇਰਾ ਪੇਂਟਿੰਗ ਕਰਨਾ
ਸਾਈਨ ਬੋਰਡ ਲਿਖਣਾ

ਤੇ ਪਿਤਾ ਦਾ
ਮੇਰੇ ਰੰਗਾਂ ਨੂੰ ਚੁੱਕ ਗਲੀ 'ਚ ਸੁੱਟਣਾ

ਖਰਾਦ ਚਲਾਉਂਦਿਆਂ
ਗਰਮ ਬੂਰੇ ਨਾਲ ਗੁੱਟਾਂ ਦਾ ਲੂਹੇ
ਸੱਟਾਂ ਖਾਣਾ

ਮੀਤੀ ਦੇ ਆਉਣ ਦੇ ਠੰਡੇ ਬੁੱਲੇ
ਸ਼ਾਂਤ ਤੱਤੇ ਦਿਨ
ਆਵਾਰਗੀ ਕਰਦੇ ਪੈਰਾਂ ਦਾ
ਉਹਦੀ ਪ੍ਰਕਰਮਾ 'ਚ ਰਹਿਣਾ
ਕਮਾਲ ਹੈ ਸਾਥ ਉਹਦਾ
ਕੀ ਤੋਂ ਕੀ ਹੋ ਗਿਆ
ਯਾਰਾਂ ਲਈ ਦੁਆਵਾਂ
ਕਿ ਜਾਓ ਮਿਲੇ ਤੁਹਾਨੂੰ ਵੀ
ਤੁਹਾਡੀ ਆਪੋ ਆਪਣੀ ਮੀਤੀ
ਖੁਸ਼ ਰਹੋ ਸਭ
.. ... ... ...
... ... ... ...
ਫਿਰ ਆਈ ਉਹ
ਅੱਧਖੜ ਨਦੀ
ਆਪਣੀ ਤੈਰਾਕੀ ਦੇ ਸਾਰੇ ਤਜ਼ਰਬੇ
ਮੇਰੇ 'ਚ ਭਰਦੀ
ਕੈਸੀ ਨਦੀ ਸੀ ਉਹ
ਕਾਹਲੀ ਤੱਤੀ
 ਕੋਈ ਪਲ ਨਾ ਖੁੰਝਦੀ
ਜਿਵੇਂ ਸਮੁੰਦਰ 'ਚ ਵਿਚਲੀਨਤਾ ਤੋਂ ਡਰਦੀ
ਪਹਿਲਾਂ ਹੀ ਸਮੁੰਦਰ ਡੀਕਣਾ ਚਾਹੁੰਦੀ
.. ... ... ...
... ... ... ...
ਤੇ ਇਹ ਫੁੱਟਿਆ ਚਸ਼ਮਾਂ
ਟੀਸੀ ਤੋਂ ਪਿਘਲਿਆ ਲਾਵਾ
ਕਿ ਲੈ ਗਿਆ ਵਹਾ ਕੇ ਦੂਰ ਤੀਕ
ਕਰ ਗਿਆ ਸਰਸ਼ਾਰ
ਧੰਨਭਾਗ
ਕਣ ਕਣ ਨੂੰ ਮੇਰੇ
.. ... ... ...
... ... ... ...

ਮਹੱਤਵਪੂਰਨ ਗੱਲ ਇਹ ਨਹੀਂ ਕਿ ਸਵਰਨਜੀਤ ਸਵੀ ਜੀਵਨ ਕਾਲ ਨੂੰ ਕਿਹੜੇ ਨਵੇਂ ਪੜਾਵਾਂ ਵਿਚ ਵੰਡਦਾ ਹੈ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਉਹ ਜੀਵਨ ਕਾਲ ਨੂੰ ਕਿਸੇ ਰੇਖਾਬੱਧ ਯਾਤਰਾ ਦੇ ਰੂਪ ਵਿੱਚ ਨਹੀਂ ਦੇਖਦਾ ਭਾਵ ਕਿ ਉਹ ਜੀਵਨ ਨੂੰ ਸਮੇਂ ਦੇ ਦਰਿਆ ਵਿੱਚ ਨਿਸ਼ਚਿਤ ਦਿਸ਼ਾ ਵਿੱਚ ਰੁੜ•ੀ ਜਾ ਰਹੀ ਕਿਸ਼ਤੀ ਦੇ ਰੂਪ ਵਿੱਚ ਨਹੀ ਦੇਖਦਾ। ਨਾ ਹੀ ਸਮੇਂ ਦੀ ਪਟੜੀ ਉੱਪਰ ਆਪਣੀ ਨਿਸ਼ਚਿਤ ਮੰਜ਼ਲ ਵੱਲ ਵਧ ਰਹੀ ਰੇਲ ਗੱਡੀ ਦੇ ਰੂਪ ਵਿੱਚ ਦੇਖਦਾ ਹੈ। ਜੀਵਨ ਉਸ ਲਈ ਇਤਿਹਾਸ ਬੱਧ ਯਾਤਰਾ ਨਹੀਂ, ਤਾਲਬੱਧ ਕਵਿਤਾ ਹੈ ਤੇ ਇਹ ਵਿਭਿੰਨ ਪੜਾਅ ਜਾਂ ਆਸ਼ਰਮ ਵੀ ਇਸ ਲਈ ਉਸ ਵਾਸਤੇ ਜੀਵਨ ਯਾਤਰਾ ਦੇ 'ਸਟੇਸ਼ਨ ਨਹੀਂ', ਤਾਲਬੱਧ ਕਵਿਤਾ ਦੇ ਬੰਦ ਹਨ। ਜਿਹਨਾਂ ਵਿੱਚ ਕੋਈ ਕਾਰਨ ਕਾਰਜ ਜਾਂ ਉਦੇਸ਼ ਕਾਰਜ ਵਰਗੇ ਪੂੰਜੀਵਾਦੀ ਰਿਸ਼ਤੇ ਨਹੀਂ, ਕੋਈ ਪਰਾਜੈਕਟ ਨਹੀਂ, ਬੱਸ ਇੱਕ ਸਾਂਝੀ ਧੜਕਣ ਹੈ, ਵਰਤਮਾਨ ਪਲਾਂ ਸਟੇਜਾਂ ਦੇ ਰਿਦਮ ਦੇ ਰੂਪ ਵਿੱਚ। ਤੇ ਇਸ ਤੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਸਵਰਨਜੀਤ ਸਵੀ ਕਾਲ ਦੇ ਇਹਨਾਂ ਦੋ ਰੂਪਾਂ ਭਾਵ ਰੇਖਾ ਬੱਧ ਇਤਿਹਾਸਕ ਰੂਪ ਅਤੇ ਤਾਲਬੱਧ ਰੂਪ ਬਾਰੇ ਕੇਵਲ ਸੁਚੇਤ ਹੀ ਨਹੀਂ, ਸਗੋਂ ਉਹ ਆਪਣੀ ਕਵਿਤਾ ਨੂੰ ਕਾਲ ਦੀ ਪਰੰਪਰਾਗਤ ਸਮਝ ਵਿੱਚੋਂ ਬਾਹਰ ਕੱਢ ਕੇ ਨਵੀਂ ਸੇਧ ਵਿਚ ਢਾਲਦਾ ਹੈ। ਦਰਅਸਲ ਹੁਣ ਤੱਕ ਦੀ ਪ੍ਰਚੱਲਤ ਕਵਿਤਾ ਕਾਲ ਬਾਰੇ ਸਾਡੀ ਇਸ ਪਰੰਪਰਾਗਤ ਸੋਚ ਵਿੱਚੋਂ ਹੀ ਜਨਮਦੀ ਸੀ, ਇਸ ਲਈ ਅਜੇਹੀ ਕਵਿਤਾ ਬੋਲੀ ਦੀਆਂ ਕੇਵਲ ਰੇਖਾ ਬੱਧ, ਦਿਸ਼ਾ ਬੱਧ, ਤਰਕਬੱਧ ਅਤੇ ਵਿਆਕਰਣ ਬੱਧ ਜੁਗਤਾਂ /ਸ਼ਕਤੀਆਂ ਦੀ ਵਰਤੋਂ ਤੱਕ ਹੀ ਸੀਮਤ ਰਹੀ। ਪਰ ਬੋਲੀ ਵਿੱਚ ਤਾਂ ਅਨੰਤ ਸ਼ਕਤੀਆਂ/ਸੰਭਾਵਨਾਵਾਂ ਹਨ, ਜਿਹਨਾਂ ਨੂੰ ਇਹ ਪਰੰਪਰਾਗਤ ਕਵਿਤਾ ਪਹਿਲਾਂ ਜਗੀਰੂ ਦਬਦਬੇ ਅਧੀਨ ਅਤੇ ਹੁਣ ਪੂੰਜੀਵਾਦੀ ਸੋਚ ਦੇ ਗਲਬੇ ਕਾਰਨ ਪਹਿਚਾਣ ਹੀ ਨਹੀਂ ਪਾਈ ਇਸੇ ਕਰਕੇ ਪਰੰਪਰਾਗਤ ਕਵਿਤਾ/ਕਹਾਣੀ/ਗਲਪ ਮਨੁੱਖ ਨੂੰ ਆਜ਼ਾਦ ਨਹੀਂ ਕਰਦੀ। ਉਸ ਅੰਦਰ ਪੂੰਜੀਵਾਦੀ ਤਰਕ/ਸੋਚ ਦੀ ਗੁਲਾਮੀ ਕਰਨ ਦੀ ਚਾਹਤ ਪੈਦਾ ਕਰਦੀ ਹੈ। ਦਰਅਸਲ ਇਹ ਪੂੰਜੀਵਾਦੀ ਜੁਗ ਵਿੱਚ ਜੀ ਰਹੇ ਸਾਹਿਤਕਾਰ ਦੀ ਹੀ ਸਮੱਸਿਆ ਨਹੀਂ, ਬੋਲੀ ਬਾਰੇ ਸਾਡੀ ਪੂੰਜੀਵਾਦੀ ਪਹੁੰਚ ਦੀ ਸਮੱਸਿਆ ਹੈ ਜਿਸ ਕਰਕੇ ਅਸੀਂ ਬੋਲੀ ਦੀਆਂ ਡਿਗਰੈਸਿਵ, ਪੈਰਾਟੈਕਟਿਕ, ਸੀਮੀਔਟਿਕ ਆਦਿ ਸ਼ਕਤੀਆਂ ਨੂੰ ਪਹਿਚਾਣ ਹੀ ਨਹੀਂ ਸਕੇ। ਅਸੀਂ ਤਾਂ ਬੋਲੀ ਨਾਲ ਹਾਸਾ ਖੇਡਾਂ ਕਰਨਾ ਵੀ ਨਹੀਂ ਸਿੱਖ ਸਕੇ। ਬੋਲੀ ਨੂੰ ਅਸੀਂ ਕੇਵਲ ਮਕਸਦ ਪ੍ਰਾਪਤੀ ਲਈ ਹੀ ਵਰਤਦੇ ਹਾਂ, ਖੇਡਣ ਲਈ ਨਹੀਂ, ਐਕਸਪੈਰੀਮੈਂਟ ਲਈ ਨਹੀਂ। ਅਡਵੈਂਚਰ ਲਈ ਵੀ ਨਹੀਂ। ਇਸੇ ਕਰਕੇ ਬੋਲੀ ਦੀ ਸੀਮਤ ਪਹਿਚਾਣ ਕਾਰਨ ਸਾਡੇ ਪਰਵਚਨ ਕਵੀ/ਕਿਰਦਾਰ ਨੂੰ ਇੱਕੋ ਤਰ•ਾਂ ਦੀ ਜ਼ਿੰਦਗੀ ਜੀਣ ਲਈ ਮਜਬੂਰ ਕਰ ਦਿੰਦੇ ਹਨ। ਸਵੀ ਇਸ ਸਥਿਤੀ ਨੂੰ ਬਾਖੂਬੀ ਸਮਝਦਾ ਹੈ :

ਇੰਜ ਹੀ ਉੱਤਰ ਜਾਵੇਗਾ
ਉਹ ਤੇਰੇ ਅੰਦਰ

ਆਪਣੇ ਸ਼ਬਦਾਂ
ਕਵਿਤਾ
ਰਹਿਣ ਸਹਿਣ ਬੋਲਣ ਦੇ
 ਸਭ ਅੰਦਾਜ਼ਾਂ ਸਮੇਤ

ਹੋਵੇਗਾ ਇੰਜ ਕਿ
ਤੂੰ ਉੱਠਦੀ ਬੈਠਦੀ ਸੌਂਦੀ ਜਾਗਦੀ
  ਤੂੰ ਨਹੀਂ ਰਹੇਂਗੀ
ਹੋ ਸਕਦਾ ਹੈ ਕਿ ਤੇਰੇ ਸੁਪਨੇ ਵੀ
  ਤੇਰੇ ਨਾ ਰਹਿਣ

ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ
ਕਿ ਕਿਵੇਂ ਉਹ ਕਵੀ
ਅਛੋਪਲੇ ਜਹੇ
ਤੇਰੇ ਅੰਦਰਲੇ ਐਕਟਰ ਅੰਦਰ
ਬੈਠ ਜਾਵੇਗਾ ਇੰਜ
ਕਿ ਤੂੰ ਤੂੰ ਹੀ ਨਾ ਲੱਗੇਂ

ਏਨੀ ਕੁ ਹੀ ਸਮਰੱਥਾ ਤਾਂ ਨਹੀਂ ਤੇਰੀ
ਕਿ ਲੰਘ ਜਾਣ ਤੇਰੀ ਆਪਣੀ ਉਮਰ ਦੇ
ਬਹੁਤ ਸਾਰੇ ਸਾਲ
ਇਕ ਹੀ ਕਿਰਦਾਰ ਨਿਭਾਉਂਦਿਆਂ
  ਜਿਉਂਦਿਆਂ
 ਆਪੇ ਨੂੰ ਭੁਲਾਉਂਦਿਆਂ

ਜਗਾ ਲੈ ਤੂੰ ਆਪਣੇ ਆਪ ਨੂੰ
ਉਸ ਤੋਂ ਪਹਿਲਾਂ ਕਿ
ਉਹ ਲਗਾਤਾਰ ਉਤਰਦਾ ਰਹੇ
 ਗਹਿਰੀਆਂ ਪੌੜੀਆਂ ਰਾਹੀਂ
  ਤੇਰੇ ਧੁਰ ਅੰਦਰ

 ਤੇ ਕੱਢਕੇ ਤੈਨੂੰ ਤੇਰੇ ਵਿਚੋਂ
 ਕਰ ਦੇਵੇ ਜਲਾਵਤਨ
 ਆਪਣੀ ਹੀ ਦੇਹ ਤੇ ਮਨ 'ਚੋਂ

ਜਗਾ ਲੈ
ਆਪਣੇ ਐਕਟਰ ਨੂੰ
ਇਕੋ ਹੀ ਕਿਰਦਾਰ ਨੂੰ ਜਿਉਣ ਦੀ
 ਲੰਬੀ ਨੀਂਦ 'ਚੋਂ ਜਗਾ ਲੈ

ਜਿੰਨੀ ਦੇਰ ਤੱਕ ਅਸੀਂ ਸਮੇਂ / ਕਾਲ ਨੂੰ ਚੇਤਨਾ ਅਤੇ ਬੋਲੀ ਤੋਂ ਆਜ਼ਾਦ ਸਵੈ ਪ੍ਰਾਪਤੀਆਂ ਦਾ ਇਕ ਨਿਊਟਰਲ ਮਾਧਿਅਮ ਸਮਝਦੇ ਰਹਾਂਗੇ, ਭਵਿੱਖ ਨੂੰ ਸ਼ਾਨਦਾਰ ਬਨਾਉਣ ਲਈ ਭੂਤ ਕਾਲ ਦੇ ਅਨੁਭਵਾਂ ਅਤੇ ਤਜ਼ਰਬਿਆਂ ਉੱਪਰ ਹੀ ਨਿਰਭਰ ਕਰਦੇ ਰਹਾਂਗੇ ਅਤੇ ਬੋਲੀ ਨੂੰ ਨਿਰਣਿਆਂ ਦੀ ਕੇਵਲ ਸੰਚਾਰ ਜੁਗਤ ਹੀ ਸਮਝਦੇ ਰਹਾਂਗੇ। ਓਨੀ ਦੇਰ ਤੱਕ ਜਿੰਨੀ ਮਰਜ਼ੀ ਉਡਾਰੀਆਂ ਮਾਰ ਲਈਏ, ਟਾਈਮ/ਕਾਲ/, ਚੇਤਨਾ ਅਤੇ ਬੋਲੀ ਬਾਰੇ ਸਾਡਾ ਮੌਜੂਦਾ ਰਵੱਈਆ ਭਾਰੀ ਝਾਂਜਰਾਂ ਬਣ ਕੇ ਹਰ ਵਾਰ ਸਾਨੂੰ ਥੱਲੇ ਧਰਤੀ ਤੇ ਸੁੱਟ ਲਵੇਗਾ। ਲੱਖ ਚਾਹੁਣ ਦੇ ਬਾਵਜੂਦ ਵੀ ਸਾਨੂੰ ਆਜ਼ਾਦੀ ਪ੍ਰਾਪਤ ਨਹੀਂ ਹੋਵੇਗੀ :

ਉਹ ਸੋਚਦੀ
ਮੈਂ ਉੱਡਾਂ ਹਵਾਵਾਂ ਸੰਗ
ਫ਼ੈਲ ਜਾਵਾਂ ਦੂਰ ਦੂਰ
 ਪਰਬਤਾਂ ਤੋਂ ਪਾਰ
ਹੋ ਜਾਵਾਂ ਸੁਗੰਧ ਸੁਗੰਧ
 ਹਵਾਵਾਂ ਦੇ ਨਾਲ

ਉਦੋਂ ਹੀ
ਏਨੀਆਂ ਭਾਰੀਆਂ ਹੋ ਜਾਂਦੀਆਂ ਉਹਦੀਆਂ
  ਝਾਂਜਰਾਂ
ਕਿ ਪਰਾਂ ਦਾ ਹਿੱਲਣਾ ਵੀ
 ਸੰਭਵ ਨਾ ਹੁੰਦਾ . . . . 

ਉਹ ਸੋਚਦੀ
ਸਰਪਟ ਦੌੜਦਾ ਘੋੜਾ ਹੋਵੇ
 ਤੇ ਉਹ ਸ਼ਾਹ ਅਸਵਾਰ
 ਜੰਗਲ ਬੇਲੇ ਕੁਦਰਤ ਸਾਰੀ ਨਾਲ ਨਾਲ
ਤੇ ਉਹ ਹੈਰਾਨ ਹੋ ਜਾਂਦੀ
ਕਿੰਜ ਮੈਦਾਨ ਬਦਲ ਜਾਂਦੇ ਨੇ ਦਰਵਾਜ਼ਿਆਂ 'ਚ
ਦਰਵਾਜ਼ੇ ਕਿ ਜਿੰਨ•ਾ ਅੱਗੇ
ਲੋਹੇ ਦੀਆਂ ਸਖ਼ਤ ਸਲਾਖਾਂ . . . 

ਉਹ ਸੋਚਦੀ
ਦੂਰ . . . ਓਥੇ ਹੋਵੇ
 ਜੰਗਲ ਦੇ ਵਿਚਕਾਰ
 ਬਹੁਤ ਸਾਰੇ ਪੰਛੀ ਜਾਨਵਰ ਨਾਲ ਨਾਲ
 ਤੇ ਹਰਿਆਵਲ ਵੀ ਚਾਰ ਦੁਆਰ

ਤੇ ਉਹ ਦੇਖਦੀ ਕਿੰਜ ਸਿਮਟ ਗਈ
 ਉਹਦੇ ਵਿਹੜੇ ਦੇ ਗਮਲਿਆਂ
  ²ਤੇ ਵੇਲਾਂ ਤੀਕ . . . 

ਉਹ ਸੋਚਦੀ ਹੋਵਾਂ ਸ਼ਹਿਰ ਵਿਚਕਾਰ
ਗੁਬਾਰੇ ਹੀ ਗੁਬਾਰੇ ਹੋਣ
 ਉਹਦੇ ਵਸਤਰ - ਖਿੜਕੀ ਤੇ ਆਕਾਸ਼
ਉਹ ਦੇਖਦੀ ਕਿ ਗੁਬਾਰੇ
 ਉਹਦੇ ਵਸਤਰਾਂ ਦੀ ਥਾਂ
 ਉਹਦੇ ਜਿਸਮ ਤੇ ਰੀਂਗਦੇ
  ਅੰਗ ਅੰਗ ਟੋਂਹਦੇਸ
 ਹਵਸ ਭਰੇ ਹੱਥਾਂ ਦੇ ਵੱਟ ਗਏ
ਸ਼ਹਿਰ ਬਣ ਗਿਆ ਵਹਿਸ਼ੀ ਅੱਖਾਂ

ਉਹ ਬਹੁਤ ਸੋਚਦੀ
 ਬਹੁਤ ਉੱਡਦੀ
ਪਰ ਜਦੋਂ ਵੀ ਦੇਖਦੀ
 ਕਿ ਬਾਹਾਂ ਤੋਂ ਪਰ ਗਾਇਬ ਨੇ
 ਤਾਂ ਬਹੁਤ ਉਦਾਸ ਹੋ ਜਾਂਦੀ
ਤੇ ਹੁਣ ਉਹ ਅਕਸਰ
 ਉਦਾਸ ਰਹਿੰਦੀ ਹੈ

ਇਸੇ ਲਈ ਸਵੀ ਇਸ ਪਰੰਪਰਾਗਤ ਸਮਝ ਨੂੰ ਉਲਟਾ ਦਿੰਦਾ ਹੈ। ਉਹ ਯਥਾਰਥ ਜਾਂ ਹਕੀਕਤ ਨੂੰ ਟਾਈਮ/ਕਾਲ, ਚੇਤਨਾ ਅਤੇ ਬੋਲੀ ਤੋਂ ਅਲੱਗ ਕਰਕੇ ਨਹੀਂ ਦੇਖਦਾ। ਨਾ ਹੀ ਟਾਈਮ ਉਸ ਵਾਸਤੇ ਕੋਈ ਸਿਰਜਣਾ ਜਾਂ ਬੋਲੀ ਦਾ ਮਾਧਿਅਮ ਹੈ। ਸਗੋਂ ਇਸਦੇ ਉਲਟ ਬੋਲੀ ਖਾਸ ਕਰਕੇ ਸਮਾਜਕ ਪ੍ਰਵਚਨ ਜਿਹਨਾਂ ਨੂੰ ਅਸੀਂ ਅੱਜਕੱਲ ਬੋਲੀ ਦੇ ਵਿਸਤਰਿਤ ਰੂਪ ਵਿੱਚ ਦੇਖਦੇ ਹਾਂ, ਹੀ ਚੇਤਨਾ ਅਤੇ ਟਾਈਮ/ਕਾਲ ਦੀ ਹੋਂਦ ਦੇ ਸਬੱਬ ਹਨ। ਭਾਵ ਚੇਤਨਾ ਅਤੇ ਕਾਲ ਦੀ ਹੋਂਦ ਬੋਲੀ ਦੇ ਅੰਦਰ ਹੀ ਹੈ। ਬੋਲੀ ਹੀ ਕਾਲ ਹੈ। ਬੋਲੀ ਹੀ ਚੇਤਨਾ ਹੈ :

ਹਰਫ਼ ਰੰਗ ਭਿੱਜੇ
ਤੈਰਦੇ ਕੈਨਵਸ ਦੇ ਉੱਤੇ
ਜਿਉਂ ਕੂੰਜਾਂ ਦੀਆਂ ਡਾਰਾਂ
ਹਰਫ਼ ਇਬਾਦਤ
ਹਰਫ਼ ਚਿਰਾਗ਼ ਮੁਹੱਬਤ ਦੇ
ਜਗਦੇ ਬੁਝਦੇ ਤਾਰੇ
ਹਰਫ਼ ਕਿਸੇ ਦਾ ਨਿੱਘਾ ਹੱਥ ਜਿਉਂ ਹੱਥ ਵਿਚ ਹੋਵੇ

ਹਰਫ਼ ਨਾਲ ਜਿਉਂ ਚੀਰ ਕੇ ਲੰਘੇ
ਅਰਥ ਦਾ ਜੰਗਲ
ਵਾਂਗ ਲੀਕ ਦੇ ਰੌਸ਼ਨ ਰੌਸ਼ਨ

ਹਰਫ਼ ਕਬੂਤਰ
ਕੋਮਲ ਕੋਮਲ
ਉੱਡ ਉੱਡ ਦੇਣ ਸੰਦੇਸੇ ਦੂਰੀਂ

ਹਰਫ਼ ਜਿਉਂ ਤਾਰੇ
ਜੁੜ ਜੁੜ ਬਣਦੇ
ਖ਼ਤ ਤੇਰੇ ਵਲ ਕੋਮਲ ਭਾਵੀ
ਹਰਫ਼ ਜਿਉਂ ਪੱਤਾ ਫੁੱਟਦਾ ਕੋਮਲ
 ਫੁੱਲ ਦੀ ਡੋਡੀ
 ਪਈ ਮੁਹੱਬਤ ਤ੍ਰੇਲ ਨੂੰ ਤੱਕਦੀ
 ਮਰ ਮਰ ਜਾਂਦੀ
  ਪਈ ਸ਼ਰਮਾਂਦੀ

ਹਰਫ਼ ਜਿਉਂ ਮੱਛੀ ਤੜਫੇ ਥਲ ਤੇ
ਮੰਗਦੀ ਪਾਣੀ
ਰੰਗ ਮਿਰੇ ਜਿਉਂ ਮੂਕ ਵੇਦਨਾ
ਅੰਤਰ ਮਨ ਤੱਕ ਵੇਂਹਦੀ ਜਾਵੇ

ਰੰਗ ਤੇ ਕੈਨਵਸ
ਇਕ ਦੂਜੇ ਨੂੰ ਮਿਲਦੇ ਜਿਉਂ ਗਲਵਕੜੀ
ਫੈਲਦੇ ਤੁਰਦੇ . . . .
ਵਿਚ ਸਮੁੰਦਰ ਬੂੰਦ ਜਿਉਂ ਕੋਈ
ਜਿਸਮ ਜਿਉਂ ਤੁਰਦੇ ਅੱਧ ਸੁਪਨੇ ਵਿਚ
ਦੂਰ ਦੂਰ ਤੱਕ ਨੀਲ ਰੌਸ਼ਨੀ
 ਜਾਂ ਕੋਈ ਪ੍ਰੇਮ ਕਹਾਣੀ

ਰੰਗ ਕਦੇ
ਜਿਉਂ ਚਾਨਣ ਫ਼ੈਲੇ
ਅੰਦਰੋਂ ਦੂਰ ਭਜਾਵੇ ਨ•ੇਰਾ

ਰੰਗ ਕਦੇ
ਅਰਦਾਸ ਅਗੰਮੀ
ਮਨ ਚਿਤ ਹਰਿ ਕੇ ਲਾਗੈ

ਹਰਫ਼ ਤੇ ਰੰਗ
ਇਕੱਠੇ ਹੁੰਦੇ
ਕਦੇ ਇਾਂਹ ਆਪਣੀ ਥਾਵੇਂ ਹੁੰਦੇ
ਕਦੇ ਬਦਲ ਲੈਂਦੇ ਸਿਰਨਾਵੇਂ
ਇਕ ਬਿੰਦੂ ਤੋਂ ਵਾਂਗ ਲੀਕ ਦੇ
 ਤੁਰਦੇ ਨੰਗੇ ਪਿੰਡੇ
ਕਰਦੇ ਸਫ਼ਰ ਦੂਰ ਅਸਗਾਹ ਤੱਕ
 ਘੁੰਮਣ ਕਈ ਬ੍ਰਹਿਮੰਡੀ
ਮਨ ਮੇਰੇ ਦੇ ਮੋਢੀਂ ਬੈਠੇ
 ਚਿਤਰ ਗੁਪਤ ਜਿਉਂ ਦੋਵੇਂ

ਕਿਉਂਕਿ ਸਵਰਨਜੀਤ ਸਵੀ ਯਥਾਰਥ/ਹਕੀਕਤ ਨੂੰ ਬੋਲੀ ਨਾਲੋਂ ਅਲੱਗ ਕਰਕੇ ਨਹੀਂ ਦੇਖਦਾ, ਇਸ ਲਈ, ਬੋਲੀ ਨੂੰ ਇਸਦੀ ਸੌੜੀ ਸੰਕਲਪਨਾ ਤੋਂ ਆਜ਼ਾਦ ਕਰਵਾ ਕੇ, ਉਹ ਯਥਾਰਥ /ਹਕੀਕਤ ਨੂੰ ਵਿਸ਼ਾਲਤਾ, ਵਿਵਿਧਤਾ ਅਤੇ ਬਹੁਰੂਪਤਾ ਦੀ ਪੱਧਰ ਤੱਕ ਲੈ ਜਾਂਦਾ ਹੈ। ਇਸ ਸਬੰਧ ਵਿੱਚ ਉਸਦੀਆਂ ਕਵਿਤਾਵਾਂ 'ਮੈਂ ਸੋਚਿਆ ਯਾਤਰਾ', 'ਚੀਂ ਚੀਂ, ਚੂੰ ਚੀਂ', 'ਹੱਸਦਾ ਪੱਲ' ਆਦਿ ਬਹੁਤ ਮਹੱਤਵਪੂਰਨ ਹਨ :

ਮੈਂ ਸੋਚਿਆ ਯਾਤਰਾ
ਤਾਂ ਉਹ ਛੇੜ ਬੈਠੀ
ਅਜੰਤਾ ਇਲੋਰਾ ਦੀਆਂ ਗੱਲਾਂ
ਤੇ ਮਾਨਣ ਲੱਗੀ
 ਨਿਆਗਰਾ ਦੀ ਵਿਸ਼ਾਲਤਾ ਦਾ ਆਨੰਦ
ਮੈਂ ਸੋਚਿਆ ਪੰਛੀ
ਤਾਂ ਉਹ ਉੱਚੀਆਂ ਉਡਾਰੀਆਂ ਭਰਦੀ
ਗੁਟਰਗੂੰ ਕਰਦੀ ਫਿਰਦੀ ਰਹੀ
ਜੰਗਲਾਂ  ਪਹਾੜਾਂ  ਬਦਲਾਂ 'ਚ
ਤੇ ਚਿਤਵਦੀ ਰਹੀ ਇਕ ਆਲ•ਣਾ

ਮੈਂ ਸੋਚਿਆ ਮੌਤ
ਤਾਂ ਉਹ ਪਿਰਾਮਿਡਾਂ ਹੇਠਾਂ ਪਈਆਂ
'ਮੱਮੀਆਂ' ਦੇ ਮੱਥਿਆਂ ਤੇ ਹੱਥ ਫੇਰਦੀ ਗਈ
ਤੇ ਸਦੀਆਂ ਤੋਂ ਸੁੱਤੇ ਉਹ ਸਭ
ਉੱਠ ਖੜੇ• ਹੋ ਗਏ
ਜਿਵੇਂ ਸੁਪਨੇ 'ਚੋਂ ਜਾਗੇ ਹੋਣ
 ਯਕਦਮ !

ਸਵੀ ਦੀ ਇਸ ਪੁਸਤਕ 'ਆਸ਼ਰਮ' ਵਿਚ ਕਿੰਨੀਆਂ ਹੀ ਕਵਿਤਾਵਾਂ ਅਜੇਹੀਆਂ ਹਨ ਜਿਹਨਾਂ ਦੇ ਬੂਹੇ ਉਸ ਪਰੌਜੈਕਟ, ਪਰਿਪੇਖ ਜਾਂ ਸਕੀਮ ਵਿਚ ਨਹੀਂ ਖੁੱਲ•ਦੇ ਜੋ ਸਕੀਮ ਮੈਂ ਉਸਦੀ ਇਸ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਨੂੰ ਪੜ•ਨ ਲਈ ਬਣਾਈ ਹੈ। ਉਹਨਾਂ ਕਵਿਤਾਵਾਂ ਲਈ ਵੱਖਰੇ ਪਰਿਪੇਖ ਸਿਰਜਣ ਦੀ ਆਵੱਸ਼ਕਤਾ ਹੈ। ਉਸ ਲਈ ਇਹਨਾਂ ਕਵਿਤਾਵਾਂ ਦੀ ਇਹੋ ਹੀ ਖ਼ੂਬਸੂਰਤੀ ਹੈ, ਕਿ ਤੁਸੀਂ ਉਹਨਾਂ ਨੂੰ ਸਮਝਣ ਲਈ ਜੋ ਵੀ ਪਰਿਪੇਖ ਸਿਰਜਦੇ ਹੋ, ਉਹ ਉਸੇ ਨੂੰ ਪਾਰ ਕਰ ਜਾਂਦੀਆਂ ਹਨ। ਸ਼ਾਇਦ ਇਸੇ ਲਈ ਮਨੁੱਖ ਕਵਿਤਾ, ਕਾਲ, ਕਾਮਨਾ, ਸਵੈ ਚੇਤਨਾ, ਬੋਲੀ, ਯਥਾਰਥ ਆਦਿ ਬਾਰੇ ਸੋਚਣ ਵਿਚਾਰਨ ਲਈ ਸਵਰਨਜੀਤ ਸਵੀ ਦੀ ਇਸ ਪੁਸਤਕ 'ਆਸ਼ਰਮ' ਨੇ ਮੈਨੂੰ ਜਿੰਨਾ ਉਤੇਜਿਤ ਕੀਤਾ ਓਨਾ ਪੰਜਾਬੀ ਦੀ ਕਿਸੇ ਵੀ ਕਿਤਾਬ ਨੇ ਕਦੇ ਨਹੀਂ ਕੀਤਾ। ਇਸ ਲਈ ਇਹ ਪੁਸਤਕ ਕੰਜ਼ਮਸ਼ਨ ਦਾ ਨਹੀਂ ਕੰਸਟਰਕਸ਼ਨ ਦਾ ਮਾਲ ਹੈ :

ਖਰੀਦੋ - ਰੱਖੋ
ਪੜ•ੋ ਨਾ ਪੜ•ੋ
ਘਰ ਦੇ ਰੈਕ 'ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ• ਨਹੀਂ ਸਕਦੇ
 ਯਾਦ ਨਹੀਂ ਰੱਖ ਸਕਦੇ
ਸੌਣ ਦਿਉ ਕਿਤਾਬ ਨੂੰ
ਮਹੀਨੇ ਸਾਲ ਪੀੜ•ੀ ਦਰ ਪੀੜ•ੀ
 ਉਡੀਕ ਕਰੋ
 ਜਾਗੇਗੀ ਕਿਤਾਬ

ਕਿਸੇ ਦਿਨ ਕਿਸੇ ਪਲ
ਪੜੇ•ਗਾ ਕੋਈ
ਜਿਸਨੇ ਨਹੀਂ ਖਰੀਦਣੀ ਸੀ
 ਇਹ ਕਿਤਾਬ

ਅਮਰਜੀਤ ਸਿੰਘ ਗਰੇਵਾਲ
21.5.05


ਗ਼ਰਦ

ਇਹ ਗ਼ਰਦ ਦੀ ਮਹੀਨ ਪਰਤ
ਜਿਸ ਥਾਂ ਤੇ ਵੀ ਜੰਮਦੀ
ਸਰੂਪ ਧੁੰਦਲਾ ਕਰਦੀ
ਹੌਲੀ ਹੌਲੀ
ਬਦਲ ਦਿੰਦੀ ਹੈ ਸਭ ਕੁਝ
ਚਾਹੇ ਗ਼ਰਦ ਝਾੜੋ ਤਹਿ ਤੋਂ
 ਫਿਰ ਵੀ ਹੇਠੋਂ
 ਉਹ ਕੁਝ ਨਾ ਦਿਸਦਾ
  ਹੁੰਦਾ ਹੇਠਾਂ ਜੋ ਲਿਸ਼ਕਦਾ
  ਚਮਕਦਾ
ਗ਼ਰਦ ਦੀ ਪਰਤ ਜੰਮਣ ਤੋਂ ਪਹਿਲਾਂ


P
ਸਕੂਲੇ ਆਉਂਦੇ ਜਾਂਦੇ
ਕੱਚੀ ਪੱਕੀ 'ਚ ਪੜ•ਦੇ ਅਸੀਂ
ਕੱਚੇ ਸੱਚੇ ਮਨੁੱਖ
ਤੇ ਮੰਜਾ ਡਾਹ ਕੇ ਬੈਠਾ
ਉਹ ਬਜ਼ੁਰਗ
ਮੌਲਾ ਫ਼ਕੀਰ
ਸਾਰੀ ਸ਼ਾਮ ਇਕੱਠੇ ਕੀਤੇ ਕਾਨਿ•ਆਂ ਨੂੰ
ਛੇ ਛੇ ਇੰਚ ਦੇ ਟੁਕੜਿਆਂ 'ਚ ਵੰਡਦਾ
ਕੋਲੋਂ ਲੰਘਣ ਤੱਕ
ਕਲਮਾਂ ਤਿਆਰ ਰੱਖਦਾ
ਇੱਕ ਇੱਕ ਬੱਚਾ ਕੋਲੋਂ ਲੰਘਦਾ
ਅਪਾਣੀ ਕਲਮ ਦਿਖਾਉਂਦਾ 
ਉਹ ਟੁੱਟੀਆਂ ਕਲਮਾਂ ਫੜਕੇ
ਨਵੀਆਂ ਘੜੀਆਂ ਕਲਮਾਂ ਵੰਡਦਾ
ਦੁਨੀਆਂ ਦਾ ਸਭ ਤੋਂ ਉੱਤਮ ਪੁੰਨ ਖੱਟਦਾ
.. .. .. .. .. .. ..
ਬਾਅਦ ਦੁਪਹਿਰ ਫਿਰ ਮੰਜੇ ਤੇ ਬੈਠ ਉਡੀਕਦਾ
ਬੱਚੇ ਲੰਘਦੇ
ਆਪੋ ਆਪਣੀ ਫੱਟੀ ਦਿਖਾਉਂਦੇ
ਖੁਸ਼ਖਤ ਲਿਖਾਈ ਦੇਖ
 ਖੁਸ਼ ਹੁੰਦਾ
ਤੇ ਇੱਕ ਹੋਰ ਕਲਮ
 ਇਨਾਮ 'ਚ ਦਿੰਦਾ . . . 
... ... ... 
ਕੱਚੀ ਪੱਕੀ ਪਹਿਲੀ ਲੰਘਿਆਂ
ਜੁੱਗੜੇ ਬੀਤ ਗਏ
ਸਕੂਲ, ਟੀਚਰ, ਸਾਥੀ ਬੱਚੇ
ਸਭ ਵਿੱਸਰ ਗਏ
ਯਾਦ ਹੈ ਤਾਂ ਸਕੂਲ ਦੀ ਖੂਹੀ ਦੀ ਮੌਣ
ਜਿਥੇ ਗਾਚਣੀ ਨਾਲ ਫੱਟੀ ਪੋਚਦਾ ਸਾਂ
ਸੂਰਜਾ ਸੂਰਜਾ ਫੱਟੀ ਸੁਕਾ
ਤੇ ਯਾਦ ਹੈ
ਉਹ ਮੌਲਾ ਦਰਵੇਸ਼
ਜਿਸਦੀਆਂ ਦਿੱਤੀਆਂ ਅਨੰਤ ਕਲਮਾਂ
ਮੇਰੇ ਅੰਦਰ ਅਹਿਸਾਸਾਂ ਸ਼ਬਦਾਂ ਦੀ
ਫ਼ਸਲ ਬਣ ਬਣ ਉੱਗਦੀਆਂ ਨੇ ਹਰ ਪਲ
ਮੇਰਾ ਜੀਵਨ
ਮੁਆਫ਼ ਕਰਨਾ! 
ਮੇਰੇ ਜਨਮ ਦਾਤਿਓ
ਉਸ ਮੌਲੇ ਫ਼ਕੀਰ ਦੇ ਨਾਮ ਹੈ
ਉਸ ਦੀਆਂ ਦਿੱਤੀਆਂ ਕਲਮਾਂ ਦੇ ਦਾਨ ਦਾ
ਕਰਜ਼ ਉਤਾਰਦੀਆਂ ਯਾਦਾਂ ਦੇ ਨਾਮ ਹੈ
ਮੁਆਫ਼ ਕਰਨਾ!
ਮੇਰੇ ਜਨਮ ਦਾਤਿਓ
.. .. .. .. .. 


ਚੁੱਪ ਚਾਂ ਵਿੱਚੀਂ ਲੰਘਦਿਆਂ

ਅੱਖਾਂ ਬੰਦ ਕਰਕੇ
ਧਿਆਨ ਦੀ ਚੁੱਪ-ਚਾਂ ਵਿੱਚੀਂ ਲੰਘਦਿਆਂ
ਜਿੱਥੇ ਕਿਤੇ ਵੀ
ਕੇਂਦਰ ਬਣਦਾ ਹੈ ਮਨ ਦਾ
ਅਨੰਤ ਹਨੇਰ ਦੀ ਗਹਿਰੀ ਚੁੱਪ 'ਚੋਂ
ਵਕਤ ਦੀ ਗਰਦ ਦੀ ਤਹਿ
ਉੱਤਰਦੀ ਹੈ
ਤੇ ਲਿਸ਼ਕਦਾ ਹੈ ਉਹ ਪਲ
 ਜੋ ਪਹਿਲਾਂ ਬਹੁਤ ਪਹਿਲਾਂ
 ਕਿਤੇ ਤਿਲ•ਕ ਗਿਆ  ਸੀ
 ਹੱਥਾਂ 'ਚੋਂ
ਸਕੂਲ, ਫੱਟੀ, ਗਾਚਣੀ
ਤੇ ਸੂਰਜ ਦੀ ਧੁੱਪ ਨਾਲ ਆੜੀ
ਆਉਂਦੇ ਜਾਂਦੇ
ਰੁਕਦੇ ਪੈਰਾਂ ਦੀ ਠਾਹਰ
ਉਹ ਬਜ਼ੁਰਗ ਬਾਬਾ ਕਲਮ ਵਾਲਾ
 ਕਰਮਾਂ ਵਾਲਾ
 ਫ਼ਕੀਰ ਕੋਈ ਸੂਫ਼ੀ ਸੰਤ
ਜਿਸਦੀਆਂ ਘੜੀਆਂ ਕਲਮਾਂ 'ਚੋਂ
ਅੱਜ ਵੀ ਮਿਲਦਾ ਹੈ
ਅੱਖਰਾਂ ਸ਼ਬਦਾਂ ਦੀ ਬਾਰਸ਼ ਦਾ ਨਿੱਘ
 ਮੇਰੇ ਤੱਕ ਪਹੁੰਚਦਾ
ਮੇਰੇ ਅੰਦਰ ਘਰ ਕਰ ਗਿਆ ਹੈ
ਉਸ ਬਾਬੇ ਨੇ ਕਲਮਾਂ ਨਹੀਂ
ਸ਼ਬਦਾਂ ਸੰਗ ਜਿਉਣ ਦੀ
ਆਸੀਸ ਦਿੱਤੀ ਸੀ ਮੈਨੂੰ
... ... ... 
... ... ...
ਨਾਨੀ ਦਾ ਚਿਹਰਾ ਝੁਰੜੀਆਂ ਨਾਲ ਭਰਿਆ
ਹੱਸਦੀ ਨਾਨੀ ਦੇ ਚਿਹਰੇ ਦੀਆਂ
  ਝੁਰੜੀਆਂ
ਕਿੰਨੀਆਂ ਸੋਹਣੀਆਂ ਲੱਗਦੀਆਂ
ਜਿਵੇਂ ਹਵਾ ਲੰਘਦੀ ਰੇਤ 'ਚੋਂ
 ਬਣਾ ਦਿੰਦੀ ਕਈ ਰਾਹ ਛੋਟੇ ਛੋਟੇ
ਨਾਨੀ ਤੇ ਉਹ ਚਰਖ਼ਾ
ਤੇ ਗਾਉਂਦਿਆਂ ਗਾਉਂਦਿਆਂ ਉੱਠਦਾ
 ਉਹਦਾ ਹੱਥ
ਸ਼ਬਦਾਂ ਦੀ ਤਾਰ ਖਿੱਚਦਾ . . .  ਚਿੱਟੀ ਤਾਰ
ਉਹਦਾ ਸੰਦੂਕ
ਰਹੱਸਮਈ  ਡੂੰਘਾ  ਗਹਿਰਾ
ਮੈਨੂੰ ਉਤਾਰ ਦਿੰਦੀ ਨਿੱਕੀ ਜਿਹੀ ਬਾਰੀ ਚੋਂ
 ਨਾਨੀ ਸੰਦੂਕ 'ਚ
ਪੁੱਤ ਸੱਜੇ ਪਾਸੇ ਹੇਠਾਂ
 ਖੂੰਜੇ 'ਚ - ਹਾਂ, ਇਹ ਚੱਕ ਲਿਆ
ਤੇ ਮੈਂ ਜੋ ਵੀ ਆਉਂਦਾ ਹੱਥ 'ਚ
ਫੜਾ ਦਿੰਦਾ ਨਾਨੀ ਨੂੰ
ਤੇ ਕਮਾਲ ਲਗਦਾ ਜਦੋਂ ਨਾਨੀ ਨੂੰ
ਉਹੀ ਚੀਜ਼ ਚਾਹੀਦੀ ਹੁੰਦੀ
... ... ... ...
... ... ... ...
ਬਾਪੂ ਭਜਾਉਂਦਾ ਮੈਨੂੰ ਦੁੱਧ ਦਾ ਗਿਲਾਸ ਪਿਆਕੇ
ਭਜਾਉਂਦਾ ਵਛੇਰਿਆਂ ਮਗਰ ਮੈਨੂੰ ਤੇ ਰਾਣੀ ਨੂੰ
ਪਤਾ ਨਹੀਂ ਉਹ ਮੈਨੂੰ ਕੀ ਬਣਾਉਣਾ ਚਾਹੁੰਦਾ
ਬਿੱਲਿਆ ਤਕੜਾ ਹੋ ਜਾ
ਪ²ਤਾ ਨਹੀਂ ਮੈਂ ਉਸਦੇ ਮਨ 'ਚ ਉੱਕਰੇ
ਪੋਤੇ ਵਰਗਾ ਹੋਇਆ ਕਿ ਨਹੀਂ
ਪਰ ਉਸਦੀ ਸੇਪੀ
ਦਾਤੀਆਂ ਦੇ ਦੰਦੇ
 ਹਲ਼ਾਂ ਦੇ ਫ਼ਾਲੇ
ਤੇ ਜੱਟੀਆਂ ਦੇ ਘਰੀਂ ਕੀਤੇ ਮਖੌਲ
ਉਹਦੀਆਂ ਅਨੰਤ ਯਾਰੀਆਂ ਸਖੀਆਂ
ਅੱਜ ਵੀ ਬਾਪੂ
ਸਗਵੇਂ ਦਾ ਸਗਵਾਂ ਤੁਰਦੈ ਮੇਰੇ ਅੰਗ ਸੰਗ
ਪਿਤਾ ਦੀਆਂ ਘੁਰਕੀਆਂ ਤੋਂ ਬਚਾਉਂਦਾ
ਮੇਰੇ ਹੱਕ 'ਚ ਖੜ•ਦਾ
ਮੇਰਾ ਗਰੇਟ ਬਾਪੂ
... ... ... ...
... ... ... ...
ਤੇ ਉਹ ਮੈਡਮ ਇੰਦਰਾ
ਜੋ ਕੁਰਸੀ ਤੇ ਖਾਸ ਤਰ•ਾਂ ਨਾਲ ਬੈਠਦੀ
ਜਿਵੇਂ ਵੀ ਬੈਠਦੀ ਸੋਹਣੀ ਲਗਦੀ
ਤੇ ਮੈਂ ਆਪਣੇ ਟਾਟ ਤੇ ਸਭ ਤੋਂ ਮੂਹਰੇ ਬੈਠਦਾ
 ਕੁਰਸੀ ਦੇ ਨੇੜੇ ਹੋ ਕੇ
 ਹਰ ਵੇਲੇ ਉਸਨੂੰ ਤੱਕਦਾ
 ਕਿੰਨਾ ਨਿੱਘਾ ਨਿੱਘਾ ਲਗਦਾ
 ਕਿੰਨਾ ਚੰਗਾ ਚੰਗਾ ਲਗਦਾ
 ਮੈਡਮ ਦਾ ਬੁਲਾਉਣਾ
  ਉਠਾਉਣਾ ਸਮਝਾਉਣਾ ਸਭ
... ... ... ...

ਉਹ ਹਵੇਲੀ ਵਾਲੇ ਸੁਨੀਤਾ ਮੈਡਮ
ਜਿਸ ਕੋਲ ਮੈਂ ਪੜ•ਦਾ ਸਕੂਲੋਂ ਆ ਕੇ
ਜਾਂ ਉਂਜ ਹੀ ਚਲਾ ਜਾਂਦਾ
ਬੱਸ ਦੇਖਦਾ ਉਹਨੂੰ
ਬੀਜੀ ਨਾਲ ਮੰਜੇ ਤੇ ਬੈਠਦਾ
ਗੱਲਾਂ ਕਰਦਾ
ਚੰਗਾ ਲਗਦਾ ਉਸਦਾ ਮੇਰੀਆਂ
 ਗੱਲ•ਾਂ ਪੱਟਣਾ
ਕਦੇ ਜੂੜਾ ਹਿਲਾਉਣਾ
... ... ...
... ... ...
ਉਹ ਪਤੰਗ ਦੇ ਤੁਣਕੇ
ਪੈਰਾਂ ਦਾ ਹੌਲੀ ਹੌਲੀ ਪਿੱਛੇ ਜਾਣਾ
ਤੇ ਮੋਘੇ• 'ਚੋਂ
ਨਲਕੇ ਦੀ ਹੱਥੀ ਤੇ ਡਿੱਗਣਾ, ਕਿੱਲ ਦਾ ਲੱਤ 'ਚ ਖੁੱਭਣਾ
ਤੇ ਦੂਜੇ ਦਿਨ
''ਮੋਹਣ ਸਿਆਂ ਲੈਜਾ ਬਈ ਤੂੰ ਬਿੱਲੇ ਨੂੰ
 ਮੈਥੋਂ ਨਹੀਂ ਸਾਂਭੀਦਾ ਹੁਣ''
ਕਹਿੰਦਿਆਂ ਬਾਪੂ
ਉਦਾਸ ਅੱਖਾਂ ਨਾਲ
ਦਾੜ•ੀ 'ਚ ਉਂਗਲਾਂ ਫੇਰਨ ਲੱਗਾ
... ... ... ...
... ... ... ...
ਕਾਲੂ ਦੀ ਆੜੀ-ਰਾਜ ਦੀ ਯਾਰੀ
ਘੁਮਿਆਰਾਂ ਦਾ ਚੱਕਾ ਘੁੰਮਦਾ
ਉੱਪਰ ਮਿੱਟੀ ਨੱਚਦੀ
ਸ਼ਕਲਾਂ ਬਦਲਦੀ
ਘੁੰਮਦੀ ਤਿਲਕਦੀ ਉਂਗਲਾਂ ਵਿਚੀਂ
ਜਿਵੇਂ ਜਿੰਦ ਧੜਕਦੀ
ਹੁਣ ਵੀ ਹੱਥਾਂ ਨੂੰ ਉਹ
ਜੁੰਬਿਸ਼ ਯਾਦ ਹੈ
.. ... ... ...
... ... ... ...
ਕੁੱਕੀ ਦਾ ਆਉਣਾ
ਭਰੇ ਬਜਾਰੀਂ ਖ਼ਤ ਦੇਣਾ
ਖ਼ਤ ਲੈਣਾ
ਹਰ ਰੋਜ਼ ਦੀ ਮਸਤੀ
.. .. .. ..
ਤੇ ਫਿਰ ਮੇਰਾ ਫਾਈਨਲ ਦਾ ਪਰਚਾ
ਹੱਥਾਂ ਦਾ ਰੁਕਣਾ
ਪਰਚਾ ਅਧੂਰਾ ਛੱਡ ਜਗਰਾਉਂ ਭੱਜਣਾ
ਸਿਵਲ ਹਸਪਤਾਲ 'ਚ
ਉਹ ਅਧਜਲਿਆ ਚਿਹਰਾ
ਉਹ ਅੰਤਾਂ ਦੀਆਂ ਤਰਲ ਅੱਖਾਂ
ਉਦਾਸ ਡੂੰਘੀਆਂ
ਚਿਪਕ ਗਈਆਂ ਨੇ
ਮੇਰੇ ਜਿਸਮ ਤੇ
ਮੇਰੀਆਂ ਅੱਖਾਂ  ਹੱਥਾਂ  ਯਾਦਾਂ 'ਚ ਸਦਾ ਸਦਾ ਲਈ
.. ... ... ...
... ... ... ...
ਮਾਂ ਮੇਰੀ ਦੀਆਂ ਮਜ਼ਬੂਰੀਆਂ
ਬੱਚਿਆਂ ਦੀਆਂ - ਘਰ ਦੀਆਂ - ਰਸੋਈ ਦੀਆਂ
ਮਾਂ ਦੀਆਂ ਅੱਖਾਂ ਤੇ ਬੁੱਲ
ਸਬਰ ਦੇ ਡੂੰਘੇ ਖੂਹ
ਸਹਿੰਦੇ ਸੁਣਦੇ ਸਭ ਕੁਝ
ਚੁੱਪ ਚਾਹ
.. ... ... ...
... ... ... ...
ਫਿਰ ਮੇਰਾ ਪੇਂਟਿੰਗ ਕਰਨਾ
ਸਾਈਨ ਬੋਰਡ ਲਿਖਣਾ

ਤੇ ਪਿਤਾ ਦਾ
ਮੇਰੇ ਰੰਗਾਂ ਨੂੰ ਚੁੱਕ ਗਲੀ 'ਚ ਸੁੱਟਣਾ

ਖਰਾਦ ਚਲਾਉਂਦਿਆਂ
ਗਰਮ ਬੂਰੇ ਨਾਲ ਗੁੱਟਾਂ ਦਾ ਲੂਹੇ
ਸੱਟਾਂ ਖਾਣਾ

ਮੀਤੀ ਦੇ ਆਉਣ ਦੇ ਠੰਡੇ ਬੁੱਲੇ
ਸ਼ਾਂਤ ਤੱਤੇ ਦਿਨ
ਆਵਾਰਗੀ ਕਰਦੇ ਪੈਰਾਂ ਦਾ
ਉਹਦੀ ਪ੍ਰਕਰਮਾ 'ਚ ਰਹਿਣਾ
ਕਮਾਲ ਹੈ ਸਾਥ ਉਹਦਾ
ਕੀ ਤੋਂ ਕੀ ਹੋ ਗਿਆ
ਯਾਰਾਂ ਲਈ ਦੁਆਵਾਂ
ਕਿ ਜਾਓ ਮਿਲੇ ਤੁਹਾਨੂੰ ਵੀ
ਤੁਹਾਡੀ ਆਪੋ ਆਪਣੀ ਮੀਤੀ
ਖੁਸ਼ ਰਹੋ ਸਭ
.. ... ... ...
... ... ... ...
ਫਿਰ ਆਈ ਉਹ
ਅੱਧਖੜ ਨਦੀ
ਆਪਣੀ ਤੈਰਾਕੀ ਦੇ ਸਾਰੇ ਤਜ਼ਰਬੇ
ਮੇਰੇ 'ਚ ਭਰਦੀ
ਕੈਸੀ ਨਦੀ ਸੀ ਉਹ
ਕਾਹਲੀ ਤੱਤੀ
 ਕੋਈ ਪਲ ਨਾ ਖੁੰਝਦੀ
ਜਿਵੇਂ ਸਮੁੰਦਰ 'ਚ ਵਿਚਲੀਨਤਾ ਤੋਂ ਡਰਦੀ
ਪਹਿਲਾਂ ਹੀ ਸਮੁੰਦਰ ਡੀਕਣਾ ਚਾਹੁੰਦੀ
.. ... ... ...
... ... ... ...
ਤੇ ਇਹ ਫੁੱਟਿਆ ਚਸ਼ਮਾਂ
ਟੀਸੀ ਤੋਂ ਪਿਘਲਿਆ ਲਾਵਾ
ਕਿ ਲੈ ਗਿਆ ਵਹਾ ਕੇ ਦੂਰ ਤੀਕ
ਕਰ ਗਿਆ ਸਰਸ਼ਾਰ
ਧੰਨਭਾਗ
ਕਣ ਕਣ ਨੂੰ ਮੇਰੇ
.. ... ... ...
... ... ... ...


ਨਦੀ ਮਾਂ

ਇੱਕ ਨਦੀ ਦਾ ਨਾੜੂ ਟੁੱਟਾ
ਘੁੱਪ ਹਨੇਰੇ ਵਿਚੋਂ
ਇੱਕ ਬਿੰਦੂ ਦਿਸਿਆ ਚਮਕਦਾ
ਕੁੱਖ ਨਦੀ ਦੇ ਕਰਜ਼ੀ ਜੰਮਿਆਂ
ਰਿਣ ਨੇ ਅੱਗੇ ਤੋਰਿਆ
ਉਸ ਨਦੀ ਦੀ ਚੁੱਪ ਨਾ ਟੁੱਟੀ
ਸਬਰ ਦੇ ਡੂੰਘੇ ਪੱਤਣੀਂ ਰਹਿੰਦੀ
ਚੁੱਪ ਹੀ ਰਹਿੰਦੀ
ਸਭ ਕੁਝ ਸਹਿੰਦੀ
ਚੁੱਪ ਨਦੀ ਹੈ ਮਾਂ ਮੇਰੀ
ਚੁੱਪ ਓਸ ਦੀ ਅੱਲੋਕਾਰੀ
ਅੱਜ ਵੀ ਓਹਦੇ ਸਬਰ ਦੇ ਅੱਗੇ
ਸਾਰੀ ਦੁਨੀਆਂ ਉੱਬਲ ਜਾਏ
ਓਸ ਨਦੀ ਦਾ ਪਾਣੀ ਐਪਰ
ਕਦੇ ਨਾ ਛਲਕੇ
ਅੰਦਰੋ ਅੰਦਰੀ ਸੁਬਕੇ
ਤੇ ਅੰਦਰੋ ਅੰਦਰੀ ਉਬਲੇ
ਕੰਢੇ ਉਸ ਕਦੇ ਨਾ ਟੱਪੇ
ਓਸ ਨਦੀ ਦਾ ਸਬਰ ਹੀ ਥੰਮ ਹੈ
ਮਾਂ ਹੋਣਾ ਹੀ ਸਭ ਤੋਂ ਧੰਨ ਹੈ
ਮਾਂ ਹੋਣਾ ਹੀ ਵੱਡਾ ਪੁੰਨ ਹੈ
ਕੁਦਰਤ ਤੋਂ ਵੀ ਵੱਡੀ ਮਾਂ ਹੈ
ਕੁਦਰਤ ਦੀ ਹੀ ਸੰਗੀ ਮਾਂ ਹੈ
ਕੁਦਰਤ ਹੀ ਉਸ ਮਾਂ ਦਾ ਨਾਂ ਹੈ

P
ਇਹ ਜੋ
ਚੜ•ਦੀ ਉਮਰੇ ਹੀ
ਸੁਪਨਿਆਂ 'ਚ ਆਉਂਦੇ ਨੇ ਰਾਜਕਕੁਮਾਰ

ਕਦੇ ਜ਼ਿੰਦਗੀ 'ਚ
ਤਪਦੀਆਂ ਤਲ਼ੀਆਂ ਹੇਠਾਂ
ਸਿਰਫ਼ ਮਾਰੂਥਲ ਹੀ ਆਉਂਦੇ ਨੇ
ਇਹ ਨਹੀਂ ਆਉਂਦੇ
 ਜੋ ਆਉਂਦੇ ਨੇ
 ਚੜ•ਦੀ ਉਮਰੇ ਹੀ ਸੁਪਨਿਆਂ ਵਿਚ
 ਘੋੜਿਆਂ ਤੇ ਸਵਾਰ ਰਾਜਕੁਮਾਰ
.. . . . . . . 

ਮੈਂ ਸੋਚਿਆ ਯਾਤਰਾ
ਤਾਂ ਉਹ ਛੇੜ ਬੈਠੀ
ਅਜੰਤਾ ਇਲੋਰਾ ਦੀਆਂ ਗੱਲਾਂ
ਤੇ ਮਾਨਣ ਲੱਗੀ
 ਨਿਆਗਰਾ ਦੀ ਵਿਸ਼ਾਲਤਾ ਦਾ ਆਨੰਦ
ਮੈਂ ਸੋਚਿਆ ਪੰਛੀ
ਤਾਂ ਉਹ ਉੱਚੀਆਂ ਉਡਾਰੀਆਂ ਭਰਦੀ
ਗੁਟਰਗੂੰ ਕਰਦੀ ਫਿਰਦੀ ਰਹੀ
ਜੰਗਲਾਂ  ਪਹਾੜਾਂ  ਬਦਲਾਂ 'ਚ
ਤੇ ਚਿਤਵਦੀ ਰਹੀ ਇਕ ਆਲ•ਣਾ
ਮੈਂ ਸੋਚਿਆ ਖੁਸ਼ੀ
ਤਾਂ ਉਸਨੇ ਖੰਭ ਫੈਲਾਏ
 ਉਂਗਲ ਫੜੀ ਮੇਰੀ
ਤੇ ਲੈ ਉੱਡੀ ਹਰੀਆਂ ਕਚੂਰ ਵਾਦੀਆਂ 'ਚ
ਬਰਫ਼ਾਂ ਲੱਦੇ ਪਹਾੜਾਂ ਤੇ
 ਹਵਾ ਵਾਂਗ
ਮੈਂ ਅੱਖਾਂ ਮੀਚ ਲਈਆਂ
ਤਾਂ ਉਹ
ਤਾਰਿਆਂ ਗ੍ਰਹਿਆਂ ਵਿੱਚੀਂ
ਘੁੱਪ ਹਨੇਰਿਆਂ 'ਚ ਲੈ ਗਈ ਮੈਨੂੰ

ਮੈਂ ਸੋਚਿਆ ਉਦਾਸੀ
ਤਾਂ ਉਹ ਸਤੂਪਾਂ ਖੰਡਰਾਂ ਵਿੱਚੀਂ ਲੰਘਦੀ
ਕਿਸੇ ਥਮਲੇ ਤੇ ਬਣੀ ਮੂਰਤੀ 'ਚ
  ਅਲੋਪ ਹੋ ਗਈ

ਮੈਂ ਚੁੱਪ ਹੋ ਗਿਆ
ਤਾਂ ਉਸਨੇ ਕੈਨਵਸ ਤੇ
ਅਨੇਕਾਂ ਰੰਗਾਂ ਦੀ ਛੂਹ ਲਾਈ
ਤੇ ਮੈਂ ਕੈਨਵਸ 'ਚ ਲਹਿ ਗਿਆ

ਮੈਂ ਸੋਚਿਆ ਮੌਤ
ਤਾਂ ਉਹ ਪਿਰਾਮਿਡਾਂ ਹੇਠਾਂ ਪਈਆਂ
'ਮੱਮੀਆਂ' ਦੇ ਮੱਥਿਆਂ ਤੇ ਹੱਥ ਫੇਰਦੀ ਗਈ
ਤੇ ਸਦੀਆਂ ਤੋਂ ਸੁੱਤੇ ਉਹ ਸਭ
ਉੱਠ ਖੜੇ• ਹੋ ਗਏ
ਜਿਵੇਂ ਸੁਪਨੇ 'ਚੋਂ ਜਾਗੇ ਹੋਣ
 ਯਕਦਮ !
.. ... ... ...
... ... ... ...


ਮੁਹੱਬਤ ਜਿਸਮ ਤੇ ਯਾਦ

ਤੈਨੂੰ ਲੋਚਣਾ
ਕਾਮਨਾ ਦੇ ਸਮੁੰਦਰ ਦਾ ਜਵਾਰ
ਤੈਨੂੰ ਪਾਉਣਾ
ਛੂਹਣਾ
ਭੋਗਣਾ
ਜਵਾਰ ਦੀ ਟੀਸੀ ਤੇ ਬੈਠਣਾ
ਤੇ ਉਥੇ ਹੀ ਰਹਿਣ ਦੀ ਕਾਮਨਾ 'ਚ ਬੱਝਣਾ

ਫਿਰ
ਜਵਾਰ ਤੋਂ ਬਾਅਦ ਭਾਟਾ
 ਟੀਸੀ ਤੋਂ ਉੱਤਰਨਾ
 ਵਿਛੋੜਾ  - ਵਿਯੋਗ - ਉਦਾਸੀ
ਤੇ ਮੇਰੇ ਹੱਥਾਂ ਦਾ
 ਟੀਸੀ ਵੱਲ ਨੂੰ ਖਿੱਚੇ ਰਹਿਣਾ
- ਦੂਰੀ ਜਿਸਮਾਂ 'ਚ ਵੱਧ ਰਹੀ ਹੈ
- ਕਾਮਨਾ ਹੱਥਾਂ 'ਚ ਵੱਟ ਗਈ ਹੈ

ਤੇ ਫਿਰ
ਤੇਰੀ ਛੂਹ ਦੀ ਚੁੰਬਕੀ ਸ਼ਕਤੀ
 ਜਿਸਮ ਨੂੰ ਛੱਡ ਦਿੰਦੀ ਹੈ

ਤੇ ਮੈਂ ਵਾਪਸ
 ਸਮੁੰਦਰ ਦੇ ਪਾਣੀ 'ਚ ਆ ਜਾਂਦਾ ਹਾਂ

ਮੈਂ ਉਹੀ ਹਾਂ
ਸਮੁੰਦਰ 'ਚੋਂ
ਕਾਮਨਾ ਰਾਹੀਂ ਉੱਠਿਆ ਪਾਣੀ
ਤੇ ਉਸੇ ਸਮੁੰਦਰ 'ਚ
ਵਾਪਸ ਪਰਤ ਆਇਆ ਹਾਂ
ਪਰ ਮੈਂ ਸਮੁੰਦਰ ਵਰਗਾ ਨਹੀਂ
ਪਹਿਲਾਂ ਵਰਗਾ ਨਹੀਂ

ਤੇਰੀ ਯਾਦ ਹੈ
ਸਾਡੀਆਂ ਸਰਗੋਸ਼ੀਆਂ ਦੀ
ਤੇਜ਼ ਤੱਤੀ ਹਵਾ ਦਾ ਅਹਿਸਾਸ ਹੈ
ਮੇਰੇ ਤਾਪਮਾਨ ਦੀਆਂ
ਤਬਦੀਲੀਆਂ ਦਾ ਪਾਰਾ ਹੈ
ਤੇ ਮੈਂ ਸਮੁੰਦਰ ਦਾ ਹਿੱਸਾ ਹੋ ਕੇ ਵੀ
ਸਮੁੰਦਰ ਜਿਹਾ ਨਹੀਂ
 ਤੇਰੇ ਛੂਹਣ ਤੋਂ ਬਾਅਦ - 
. . . . . . . .


ਸਭ ਪਿਆਰ ਹੀ ਤਾਂ ਹੈ

ਟੁੱਥ ਪੇਸਟ ਕਰਦਿਆਂ
ਚਾਂਦੀ ਰੰਗੀ ਮੁਸਕਣੀ ਨਾਲ ਖਿੜ ਉੱਠਣਾ
ਨਹਾਉਂਦਿਆਂ
ਆਪਣੇ ਆਪ ਨੂੰ ਨਿਹਾਰਨਾ
ਕਿਸੇ ਬੱਚੇ ਦੀਆਂ ਤੋਤਲੀਆਂ ਤੇ ਰੀਝ ਜਾਣਾ
ਕਿਸੇ ਸ਼ਬਦ ਦੇ ਮੋਹ ਵੱਸ ਹੋ ਕੇ
 ਕੁਝ ਦਾ ਕੁਝ ਲਿਖ ਜਾਣਾ
ਗੂੜੇ• ਨੀਲੇ ਅਸਮਾਨ ਤੇ
 ਚਿੱਟੀ ਬਦਲੋਟੀ ਤੇ ਸਵਾਰ ਹੋ ਉੱਡਣਾ
ਡਿੱਗੇ ਪਏ ਫੁੱਲ ਨੂੰ ਚੁੱਕਣਾ
 ਤੇ ਕਿਆਸਣਾ ਉਹ ਬੂਟਾ ਜਿਥੋਂ ਉਹ ਟੁੱਟਿਆ
  ਸਭ ਪਿਆਰ ਹੀ ਤਾਂ ਹੈ
  ਤੈਨੂੰ ਚਾਹੁਣ ਵਰਗਾ
ਪਹਾੜਾਂ 'ਚ ਕਿਸੇ ਪੰਛੀ ਦੀ ਆਵਾਜ਼ ਦਾ ਪਿੱਛਾ ਕਰਦਿਆਂ
  ਤਿਲਕਣੋਂ ਬਚਣਾ
ਕਿਸੇ ਗੀਤ ਦੀਆਂ ਸਤਰਾਂ ਨਾਲ
 ਅੱਖਾਂ ਦੇ ਕੋਰਾਂ ਦਾ ਨਮ ਹੋ ਜਾਣਾ
ਖਿਲਰੀਆਂ ਕਿਤਾਬਾਂ ਨੂੰ ਤਰਤੀਬ ਦਿੰਦਿਆਂ
 ਉਨ•ਾਂ ਦੇ ਪਾਤਰਾਂ ਨਾਲ ਗੱਲਾਂ ਕਰਨੀਆਂ
ਬਾਰਿਸ਼ 'ਚ ਭਿੱਜਕੇ ਮਸਤ ਮਸਤ ਤੁਰਨਾ
ਅੱਖਾਂ ਮੀਚ ਕੇ
ਹਨੇਰੇ 'ਚ ਟਿਮਕਦੇ ਜੁਗਨੂੰਆਂ ਤਾਰਿਆਂ ਸੰਗ
   ਯਾਤਰਾ ਕਰਨਾ
  ਸਭ ਪਿਆਰ ਹੀ ਤਾਂ ਹੈ

P

ਤੇਰੇ ਅਹਿਸਾਸ ਦੀ ਇਕਾਈ ਦਾ
 ਸਭ ਤੋਂ ਛੋਟਾ ਪਲ

ਮੈਂ ਬਹੁਤ ਲੰਬੇ ਸਮੇਂ ਲਈ
 ਦੇਖ ਰਿਹਾ ਹਾਂ ਚਲਚਿਤਰ ਵਾਂਗ
 
   ਹਜ਼ਾਰਾਂ ਕੋਨਾਂ ਤੋਂ
    ਇਕੋ ਪਲ ਤੇਰੇ ਅਹਿਸਾਸ ਦਾ
ਤੇਰਾ ਇਕ ਪਲ
 ਤੇ ਮੇਰੀ ਪੂਰੀ ਜ਼ਿੰਦਗੀ

ਸਮਾਂ
ਇੰਜ ਹੀ ਕੈਦ ਹੁੰਦਾ ਹੈ
 ਮੇਰੇ ਸਾਹਵੇਂ

P

ਕਿੱਥੇ ਹਾਂ ਮੈਂ?
ਤਾਂ ਬਹੁਤ ਕੁਝ ਇਕ ਦਮ ਦੂਰ ਜਾ ਖਲੋਤਾ ਹੈ
ਮਸਲਨ
ਤੂੰ, ਲੋਕ, ਧਰਤੀ, ਗ੍ਰਹਿ, ਹਨੇਰ-ਚੁੱਪ
  ਸਭ ਕੁੱਝ
ਕੀ ਹਾਂ ਮੈਂ ?
ਇਕ ਦੂਰੀ ਤੇ ਹੋ ਜਾਂਦਾ ਹਾਂ ਮੈਂ
 ਆਪਣੀ ਦੇਹ ਤੋਂ

ਇਹ ਮਨ ਕੀ ਹੈ?
ਤਾਂ ਮੇਰੇ ਵਿਚੋਂ ਇਹ ਵੀ ਦੂਰ ਜਾ ਖਲੋਂਦਾ ਹੈ

ਚੇਤਨਾ ਕੀ ਹੈ?
ਇਹ ਕੌਣ ਦੇਖ ਰਿਹਾ ਹੈ

ਕੀ ਇਹ ਮੈਂ ਹਾਂ?
ਤਾਂ ਇਕ ਪਾਰਦਰਸ਼ੀ ਜਿਹਾ ਕੁਝ
 ਹਰ ਤਰਫ਼ ਦੇਖ ਰਿਹਾ ਹੈ
ਹਵਾ ਚੇਤਨਾ ਸ਼ਬਦ ਕਾਲ ਮੈਂ
 ਨਹੀਂ -
ਕੁਝ ਹੋਰ ਹੈ
ਜੋ ਮੇਰੇ ਵਿਚੋਂ ਦੇਖ ਰਿਹਾ ਹੈ - ਸਭ ਕੁਝ - ਮੇਰੇ ਰਾਹੀਂ
   . . . . . . ਕੀ ਹੈਂ?

P

ਤੂੰ
ਨਾ ਗਿਆਨ
ਨਾ ਅਗਿਆਨ ਕਾਰਨ ਹੈ

ਤੂੰ ਤਾਂ ਬਸ
ਮੇਰੇ ਜਿਸਮ ਦੀ ਕਿਤਾਬ ਨੂੰ
ਘੁੱਣ ਵਾਂਗ ਚੱਟ ਰਹੀ ਹੈਂ ਹਰ ਪਲ

ਤੇ ਉਹ ਗ਼ਰਦ
ਜੋ ਧੀਮੇ ਧੀਮੇ ਕਿਰਦਾ ਹੈ ਮੇਰੇ 'ਚੋਂ

ਉਸ ਗ਼ਰਦ ਦੀ ਦਹਿਸ਼ਤ
ਕਿ ਮੈਂ ਹੁਣੇ ਹਾਂ
 ਤੇ ਹੁਣੇ ਨਹੀਂ


P

ਮੈਂ
ਜ਼ਿੰਦਗੀ ਦੇ ਗਲੈਮਰ ਨਾਲ ਭਰਿਆ
ਜਿਉਂਦਾ ਹਾਂ
ਦੁੱਖ-ਸੁੱਖ  ਰਹੱਸ
 ਅਨੰਦ
 ਉੱਲਾਸ ਦਰਮਿਆਨ
ਤੇ ਡਰਦਾ ਹਾਂ
ਇਨ•ਾਂ ਸਭ ਕਾਰਨ
 ਤੇਰੇ ਤੋਂ . . . 

P

ਹੇ ਮੌਤ
ਤੇਰਾ ਮੇਰਾ ਕੀ ਰਿਸ਼ਤਾ ਹੈ?
ਜਦ ਤੂੰ ਆਵੇਂਗੀ
 ਤਾਂ ਮੈਂ ਹੋਵਾਂਗਾ ਨਹੀਂ
 ਤੈਥੋਂ ਕਾਹਦਾ ਡਰਨਾ

ਸਾਡਾ ਸਬੰਧ ਤਾਂ
ਇਕ ਪਲ ਦਾ ਹੈ
ਜਾਂ ਉਸਦੀ ਕਰੋੜਵੀਂ ਕੜੀ ਦਾ
 ਜੋ ਮੇਰੇ ਹੱਥੋਂ ਤਿਲਕ
  ਤੇਰੇ ਹੱਥ ਆ ਜਾਣੀ ਹੈ

ਪਰ ਮੈਂ ਡਰ ਰਿਹਾ ਹਾਂ
ਉਸ ਕੜੀ ਦੇ ਹੱਥੋਂ ਤਿਲ•ਕਣ ਤੋਂ
ਜੋ ਮੇਰੀ ਨਹੀਂ
 ਤੇਰੀ ਹੋ ਜਾਵੇਗੀ
  ਯਕਦਮ !


P

ਹੇ ਮੌਤ
ਮੈਨੂੰ ਮੇਰੇ ਦੁਆਲੇ ਬੁਣੇਂ ਗਏ
ਰਿਸ਼ਤਿਆਂ ਦੇ ਮੱਕੜੀ ਜਾਲ ਤੋਂ
ਆਪਣੀ ਸਮਾਜਕ ਹਉਮੈਂ ਦੇ ਜਬਾੜੇ ਤੋਂ
 ਆਪਣੀਆਂ ਸਿਮਰਤੀਆਂ ਸੁਪਨਿਆਂ ਤੋਂ
 ਕਾਮਨਾਵਾਂ ਵਾਸਨਾਵਾਂ ਤੋਂ
  ਮੁਕਤੀ ਦਾ ਵਲ ਸਿਖਾ
  ਫਿਰ ਮੈਂ ਨਹੀਂ ਡਰਾਂਗਾ

ਫਿਰ ਕਾਹਦਾ ਡਰਨਾ
ਹੋਵੇਗਾ ਕੀ ਮੇਰੇ ਕੋਲ
 ਜੋ ਖੁੱਸੇਗਾ
 ਰੁੱਸੇਗਾ
 ਡੁੱਲੇਗਾ ਮੇਰੇ 'ਚੋਂ

 ਫਿਰ ਕਾਹਦਾ ਡਰਨਾ - 

P

ਤੇਰੇ ਤੋਂ ਨਹੀਂ
ਮੈਂ ਉਸ ਨਿਰਾਸ਼ਾ ਤੋਂ ਡਰਦਾ ਹਾਂ
ਜੋ ਮੈਂ ਆਪਣੀ ਤਲਾਸ਼ ਵਿਚ ਆਈ
 ਅਸਥਾਈ ਸੰਪੂਰਨਤਾ
 ਦੇ ਅਹਿਸਾਸ ਤੋਂ ਬਾਅਦ  
  ਭੋਗਦਾ ਹਾਂ
ਭਰ ਜਾਣ ਤੋਂ ਬਾਅਦ
 ਨਿਰਾਸ਼ ਹੋਣ ਦਾ ਪਲ
 ਮੌਤ ਵਰਗਾ ਹੀ ਹੁੰਦਾ ਹੈ

ਮੇਰੀ ਵਾਸਨਾ
ਦਿੰਦੀ ਹੈ ਹਰ ਰੋਜ਼ ਮੌਤ ਦੇ ਕਈ ਪਲ 
ਦਿੰਦੀ ਹੈ ਛੋਟੇ ਛੋਟੇ ਡਰ
 ਮੇਰੀ ਸ਼ਕਤੀ ਨੂੰ ਜੋੜਦੇ ਡਰ
 ਜਿਨ•ਾਂ ਦਾ ਕੁੱਲ ਜੋੜ ਲਿਆ ਖੜਾਉਂਦਾ ਹੈ
 ਤੇਰੇ ਸਾਹਵੇਂ
 ਤੇਰੇ ਤੋਂ ਨਹੀਂ
 ਉਨ•ਾਂ ਪਲਾਂ ਦੇ ਜੋੜ ਤੋਂ ਡਰਦਾ ਹਾਂ

P

ਨਹੀਂ
ਤੇਰੇ ਤੋਂ ਨਹੀਂ
ਮੈਂ ਤਾਂ ਇਸ ਲਈ ਡਰਦਾ ਹਾਂ
ਕਿ ਮੈਨੂੰ ਪਤਾ ਹੈ
ਕਿ ਤੂੰ ਆਉਣਾ ਹੈ ਇਕ ਦਿਨ

ਬਸ ਜੇ ਨਹੀਂ ਪਤਾ ਲਾਂ ਏਨਾ 
ਕਿ ਕਦ ਆਉਣਾ ਹੈ
  ਉਹ ਪਲ

ਮੈਂ ਤਾਂ
ਉਸ ਪਲ ਦੀ ਉਡੀਕ 'ਚ ਡਰਦਾ ਹਾਂ

P

ਤੇਰੀ ਅਚਾਨਕ ਦਿੱਤੀ ਜਾਣ ਵਾਲੀ
ਦਸਤਕ ਦੇ ਡਰ 'ਚੋਂ
 ਮੈਂ ਜਿਉਣਾ ਚਾਹੁੰਦਾ ਹਾਂ
 ਭਰਪੂਰ ਜ਼ਿੰਦਗੀ

ਤੇ ਫਿਰ
ਕਲਾ ਕਵਿਤਾ ਰਾਹੀਂ
 ਵਾਹੁਣੀ ਚਾਹੁੰਦਾ ਹਾਂ ਮਹੀਨ ਜਹੀ ਲੀਕ
  ਵਕਤ ਦੀ ਨੀਲ ਨਦੀ ਤੇ

ਤੇ ਇਸ ਦਸਤਕ ਨੂੰ
ਇਹ ਧਰਮਾਂ ਕਰਮਾਂ ਵਾਲ
 ਡਰਾਉਣ ਲਈ ਵਰਤਦੇ

ਅਗਲੇ ਜਨਮਾਂ ਦੇ ਸੁਪਨੇ ਦਿਖਾ
ਖੋਹ ਲੈਣ ਦੀ ਕੋਸ਼ਿਸ਼ 'ਚ ਨੇ
 ਇਹ ਜਨਮ
  ਦੁੱਖ-ਸੁੱਖ
  ਸੈਲੀਬਰੇਸ਼ਨ
   ਐਨਰਜੀ

ਤੇ ਬਣਾ ਰਹੇ ਨੇ
ਜਿਉਂਦੀ ਦੇਹ ਨੂੰ 'ਮੱਮੀ'

P

ਹੇ ਪੁਰਖਿਓ
ਮਨੁੱਖਤਾ ਦੇ ਜਾਹੋ-ਜਲਾਲ ਭਰੇ ਮਹਾਂਮਾਨਵੋ
ਤੁਹਾਡੀਆਂ ਅਮਰਤੱਵ ਲਈ
ਸਭ ਕੋਸ਼ਿਸ਼ਾਂ ਦੇ ਬਾਵਜੂਦ
ਤੁਸੀਂ ਨਸ਼ਟ ਹੋ ਰਹੇ ਹੋ

ਪਰ ਕੁਦਰਤ ਦੇ
ਕਾਲਕੀ ਉਤਸਵ ਦੀ
ਮਹਾਂ ਯਾਤਰਾ ਦਾ ਕਮਾਲ ਹੈ ਇਹ
ਕਿ ਅਸੀਂ ਤੁਹਾਨੂੰ ਦੇਖ ਲਿਆ - ਲੱਭ ਲਿਆ

ਹੁਣ ਤੁਹਾਡੀ ਅਮਰਤੱਵ ਦੀ ਲਾਲਸਾ
ਸਾਡੀਆਂ ਅੱਖਾਂ ਮਨਾਂ ਰਾਹੀਂ
 ਸਾਡੇ ਸਾਧਨਾ ਰਾਹੀਂ
ਤੁਹਾਨੂੰ ਹੋਰ ਬਹੁਤ ਸਦੀਆਂ ਤੀਕ
 ਜਿਉਂਦੇ ਰੱਖ ਸਕੇਗੀ
ਤੁਹਾਨੂੰ ਨਹੀਂ
ਤੁਹਾਡੀ ਅਨੰਤ ਲਾਲਸਾ 'ਚ ਲਿਪਟੀ 'ਮੱਮੀ' ਨੂੰ

ਤੁਸੀਂ ਜੋ ਜੰਗ ਛੇੜੀ
ਕੁਦਰਤ ਨਾਲ ਕਾਲ ਨਾਲ
ਜਿੱਤਣ ਜਾ ਰਹੇ ਹੋ ਉਸਦੇ ਸਹਿਯੋਗ ਨਾਲ ਹੀ
ਤੁਹਾਡੀ ਇੱਛਾ ਸਮਰੱਥਾ ਨੂੰ ਸਲਾਮ!
ਤੁਹਾਡੀ ਜੰਗੀ ਦੁਸ਼ਮਣ
ਕੁਦਰਤ ਦੀ ਦੋਸਤੀ ਨੂੰ ਸਲਾਮ!
ਮਨ 'ਚ ਬੈਠੀ ਮੌਤ ਦੀ ਪਰਛਾਈ ਨੂੰ ਸਲਾਮ!

P

ਪੁਰਖਿਓ
ਤੁਸੀਂ ਅਮਰਤੱਵ ਦੀ ਲਾਲਸਾ 'ਚ
ਬਹੁਤ ਕੁਝ ਬਣਾਇਆ
ਫਿਰ ਗੁਆਇਆ
ਤੇ ਅਗਲੀਆਂ ਪੀੜ•ੀਆਂ ਨੂੰ
ਇਸ ਜਨੂੰਨ ਦਾ ਜਲਵਾ ਦਿਖਾਇਆ

ਜਲਵਾ ਹੈ
ਪਿਰਾਮਿਡਾਂ 'ਚ
ਤੁਹਾਡੇ ਨਾਲ ਪਈਆਂ ਕਲਾਕਿਰਤਾਂ 'ਚ
ਖਿਡੌਣਿਆਂ 'ਚ
ਤੁਹਾਡੇ ਦਰਸ਼ਨ ਹੋ ਗਏ
ਇਹ ਤੁਹਾਡੀ ਅਮਰਤਵ ਲਈ ਯਾਤਰਾ ਦੀ
  ਅਗਲੀ ਕੜੀ ਹੈ

P

ਹੇ ਪੁਰਖਿਓ
ਮੌਤ ਤੋਂ ਪਾਰ ਜਾਣ ਦੇ ਆਸ਼ਕੋ
ਭਰ ਦਿਓ ਮੈਨੂੰ ਵੀ
ਮੌਤ ਦੇ ਡਰ 'ਚੋਂ ਉਪਜੀ
ਇਸ ਮਹਾਨ ਸਿਰਜਣਾਤਮਿਕਤਾ ਨਾਲ
ਕਾਲ ਨਦੀ 'ਚ ਤੈਰਕੇ
 ਪਾਰ ਜਾਣ ਦੀ ਕਲਾਮਈ ਸ਼ਕਤੀ ਨਾਲ

ਹੇ ਮੌਤ 
ਤੂੰ ਹੋਰ ਡਰਾ ਮੈਨੂੰ
ਕਿ ਮੈਂ ਬਹੁਤ ਕੁਝ ਸਿਰਜਣਾ ਹੈ
ਤੇਰੇ ਖਿਲਾਫ਼
ਤੈਨੂੰ ਸਮਝਣ ਲਈ
ਤੇਰੀ ਜਕੜ ²ਤੋਂ ਭੱਜਣ ਲਈ

ਤੇਰੇ ਡਰ-ਭਓ ਨੂੰ ਸਲਾਮ
ਕਿ ਜਿਸ 'ਚੋਂ ਕਲਾ ਉਪਜੀ

P

ਸਭ ਅਧੂਰਾ ਸੀ
ਤੇਰੀ ਦਸਤਕ ਤੋਂ ਪਹਿਲਾਂ
ਸੁਣਿਆ ਪੜਿ•ਆ ਜਿਹਾ ਬੱਸ

ਤੇ ਹੁਣ ਜਦ
ਉੱਪਰਲਾ ਉੱਪਰ ਹੈ
ਤੇ ਹੇਠਲਾ ਹੇਠਾਂ
ਛਿਣ ਭੰਗਰ 'ਚ ਮੈਂ ਬਹੁਤ ਡਰ ਗਿਆ ਹਾਂ

P

ਇਹ ਭੈਅ ਹੀ ਤਾਂ ਸੀ
ਕਿ 'ਮੱਮੀ' ਬਣਕੇ
ਫਿਰ ਤੋਂ ਜਿਉਣ ਦੀ ਲਾਲਸਾ ਜਾਗੀ
ਅਨੰਤ ਯਾਤਰਾ 'ਚ
'ਅਹਿੱਲ ਯਾਤਰੀ' ਵਾਂਗ ਸ਼ਿਰਕਤ ਕਰਨ ਦੀ 
ਲਾਲਸਾ
ਭਰਪੂਰ ਜ਼ਿੰਦਗੀ ਦੀ
ਗਤੀਸ਼ੀਲਤਾ ਤੋਂ ਬਾਅਦ
 ਪਿਰਾਮਿਡਾਂ ਥੱਲੇ . . . 
... ...
... ...
ਪਰ ਇਹ ਕੰਬਖ਼ਤ ਵਕਤ
ਤੇ ਕੁਦਰਤ ਦੀ ਯਾਤਰਾ
ਕਿਵੇਂ ਪੁਰਜ਼ਾ ਪੁਰਜ਼ਾ ਕਰਵਾ ਦਿੰਦੀ ਹੈ
ਮੇਰੀ ਹੀ ਜ਼ਾਤ ਤੋਂ

ਮੌਤ ਤੋਂ ਪਾਰ ਹੋ ਕੇ ਵੀ
ਮੈਂ
ਮਹਾਂਮੌਤ ਦੀ ਜਕੜ 'ਚ ਹਾਂ।


ਕਿੱਥੇ ਬਾਬਾ ਪੈਰ ਧਰੇ

ਪਹਿਲਾਂ ਉਨ•ਾਂ ਸਾਹਿਬਜ਼ਾਦਿਆਂ
 ਨੂੰ ਕੰਧਾਂ 'ਚ ਚਿਣਿਆ
ਨਾਨਕਸ਼ਾਹੀ ਇੱਟਾਂ ਦੀ ਕੰਧ ਬਣਾਈ
ਕੰਧ ਉੱਚੀ ਹੋਈ
ਹਉਮੈਂ ਗਰਜੀ
ਪਰ ਸਿਦਕ ਨਾ ਟੁੱਟਿਆ ਬਾਲਾਂ ਦਾ
 ਬੁਲੰਦੀ ਛੂਹ ਗਏ

ਹੁਣ ਕੰਧਾਂ ਹੋਈਆਂ ਮਾਰਬਲ ਦੀਆਂ
ਲਿਸ਼ਕਦੀਆਂ
ਅੱਖਾਂ ਤਰਸਦੀਆਂ ਉਨ•ਾਂ
ਨਾਨਕਸ਼ਾਹੀ ਇੱਟਾਂ ਦੀਆਂ
 ਕੰਧਾਂ ਦੀ ਛੁਹ ਨੂੰ
ਪੋਟੇ ਲਰਜ਼ਦੇ
ਭਗਤਾਂ ਦੇ ਮਾਰਬਲ ਪ੍ਰੇਮ ਅੱਗੇ
ਸੱਚੇ ਸਿੱਖ ਦਾ ਸਿਦਕ ਟੁੱਟਿਆ
ਬਾਬੇ ਦੀ ਛੋਹ ਤੋਂ ਦੂਰ ਲੈ ਗਏ
ਮੇਰੇ ਪੋਟੇ ਤੇ ਮੇਰੀਆਂ ਅੱਖਾਂ
ਮੇਰੇ ਆਪਣੇ ਹੀ
 ਮਾਰਬਲ ਪ੍ਰੇਮੀ ਭਗਤ -

P

ਤੂੰ ਅਥਾਹ
ਅਨੰਤ ਤੱਕ ਉਲਝੀਆਂ ਲਕੀਰਾਂ ਦੀ ਸੁੰਦਰਤਾ

ਮੈਂ ਮਹਿਜ਼ ਕੰਪਿਊਟਰ
ਤੈਨੂੰ ਸਮਝਣ ਲਈ
 ਮੇਰੇ ਮੀਨੂੰ 'ਚ ਬਹੁਤ ਛੋਟੇ ਛੋਟੇ ਟੂਲ ਨੇ

P

ਆਜ਼ਾਦੀ ਬਹੁਤ ਪਿਆਰੀ ਹੈ
ਅਕਸਰ ਉਹ
ਪਿੰਜਰੇ 'ਚ ਕੈਦ ਪੰਛੀ ਖਰੀਦ ਲੈਂਦੀ
ਤੇ ਉਡਾ ਦਿੰਦੀ ਖੁੱਲ•ੇ ਅਸਮਾਨੀਂ

ਪੰਛੀ ਵੇਚਣ ਵਾਲਾ
ਹਰ ਸਵੇਰ ਜਰੂਰ ਰੁਕਦਾ
ਕਦੇ ਨਾ ਭੱਲਦਾ

ਪੰਛੀ
ਪਿੰਜਰਾ ਤੇ ਅਸਮਾਨ
ਆਜ਼ਾਦੀ ਤੋਂ ਆਜ਼ਾਦੀ ਦਾ ਸਫ਼ਰ


ਕਬੂਤਰ

ਬਹੁਤ ਪਹਿਲਾਂ
ਜਦ ਕਦੇ ਗੋਲੇ ਕਬੂਤਰ
ਬਨੇਰੇ ਬੈਠ ਚੁੰਜ-ਚੋਹਲ ਕਰਦੇ
ਤਾਂ ਮਨ 'ਚ ਅਜੀਬ ਤਰੰਗ ਉੱਠਦੀ
ਤੇ ਕਬੂਤਰ
ਪਿਆਰ ਨਦੀ ਦੀ ਠੰਡੀ ਪੌਣ 'ਚੋਂ ਲੰਘਕੇ
  ਆਏ ਲਗਦੇ
ਮਨ ਨੂੰ ਆਨੰਦ ਨਾਲ ਭਰਦੇ

ਹੁਣ ਕਦੇ ਜਦ ਚੀਨੇ ਕਬੂਤਰ
ਦੂਰ ਅਸਮਾਨੀਂ ਲੋਟਣੀਆਂ ਲਾਉਂਦੇ
ਤਾਂ ਉਦਾਸ ਮਨ ਨੂੰ ਇੰਜ ਲਗਦੈ
ਕਿ ਕਿਸੇ ਨੇ ਖ਼ਤਰ ਮਿਰੇ
ਪਾੜ ਕੇ ਅਸਮਾਨ ਵਿਚ ਉਛਾਲ ਦਿੱਤੇ ਹੋਣ
ਚੀਨੇ ਕਬੂਤਰਾਂ ਜਿਹੇ
 ਮੇਰੇ ਅਹਿਸਾਸਾਂ ਦੇ ਖ਼ਤ

P

ਇੰਜ ਹੀ ਉੱਤਰ ਜਾਵੇਗਾ
ਉਹ ਤੇਰੇ ਅੰਦਰ

ਆਪਣੇ ਸ਼ਬਦਾਂ
ਕਵਿਤਾ
ਰਹਿਣ ਸਹਿਣ ਬੋਲਣ ਦੇ
 ਸਭ ਅੰਦਾਜ਼ਾਂ ਸਮੇਤ

ਹੋਵੇਗਾ ਇੰਜ ਕਿ
ਤੂੰ ਉੱਠਦੀ ਬੈਠਦੀ ਸੌਂਦੀ ਜਾਗਦੀ
  ਤੂੰ ਨਹੀਂ ਰਹੇਂਗੀ
ਹੋ ਸਕਦਾ ਹੈ ਕਿ ਤੇਰੇ ਸੁਪਨੇ ਵੀ
  ਤੇਰੇ ਨਾ ਰਹਿਣ

ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ
ਕਿ ਕਿਵੇਂ ਉਹ ਕਵੀ
ਅਛੋਪਲੇ ਜਹੇ
ਤੇਰੇ ਅੰਦਰਲੇ ਐਕਟਰ ਅੰਦਰ
ਬੈਠ ਜਾਵੇਗਾ ਇੰਜ
ਕਿ ਤੂੰ ਤੂੰ ਹੀ ਨਾ ਲੱਗੇਂ

ਏਨੀ ਕੁ ਹੀ ਸਮਰੱਥਾ ਤਾਂ ਨਹੀਂ ਤੇਰੀ
ਕਿ ਲੰਘ ਜਾਣ ਤੇਰੀ ਆਪਣੀ ਉਮਰ ਦੇ
ਬਹੁਤ ਸਾਰੇ ਸਾਲ
ਇਕ ਹੀ ਕਿਰਦਾਰ ਨਿਭਾਉਂਦਿਆਂ
  ਜਿਉਂਦਿਆਂ
 ਆਪੇ ਨੂੰ ਭੁਲਾਉਂਦਿਆਂ

ਜਗਾ ਲੈ ਤੂੰ ਆਪਣੇ ਆਪ ਨੂੰ
ਉਸ ਤੋਂ ਪਹਿਲਾਂ ਕਿ
ਉਹ ਲਗਾਤਾਰ ਉਤਰਦਾ ਰਹੇ
 ਗਹਿਰੀਆਂ ਪੌੜੀਆਂ ਰਾਹੀਂ
  ਤੇਰੇ ਧੁਰ ਅੰਦਰ

 ਤੇ ਕੱਢਕੇ ਤੈਨੂੰ ਤੇਰੇ ਵਿਚੋਂ
 ਕਰ ਦੇਵੇ ਜਲਾਵਤਨ
 ਆਪਣੀ ਹੀ ਦੇਹ ਤੇ ਮਨ 'ਚੋਂ

ਜਗਾ ਲੈ
ਆਪਣੇ ਐਕਟਰ ਨੂੰ
ਇਕੋ ਹੀ ਕਿਰਦਾਰ ਨੂੰ ਜਿਉਣ ਦੀ
 ਲੰਬੀ ਨੀਂਦ 'ਚੋਂ ਜਗਾ ਲੈ


ਹਰਫ਼ ਰੰਗ ਭਿੱਜੇ

ਹਰਫ਼ ਰੰਗ ਭਿੱਜੇ
ਤੈਰਦੇ ਕੈਨਵਸ ਦੇ ਉੱਤੇ
ਜਿਉਂ ਕੂੰਜਾਂ ਦੀਆਂ ਡਾਰਾਂ

ਹਰਫ਼ ਇਬਾਦਤ
ਹਰਫ਼ ਚਿਰਾਗ਼ ਮੁਹੱਬਤ ਦੇ
ਜਗਦੇ ਬੁਝਦੇ ਤਾਰੇ
ਹਰਫ਼ ਕਿਸੇ ਦਾ ਨਿੱਘਾ ਹੱਥ ਜਿਉਂ ਹੱਥ ਵਿਚ ਹੋਵੇ

ਹਰਫ਼ ਨਾਲ ਜਿਉਂ ਚੀਰ ਕੇ ਲੰਘੇ
ਅਰਥ ਦਾ ਜੰਗਲ
ਵਾਂਗ ਲੀਕ ਦੇ ਰੌਸ਼ਨ ਰੌਸ਼ਨ

ਹਰਫ਼ ਕਬੂਤਰ
ਕੋਮਲ ਕੋਮਲ
ਉੱਡ ਉੱਡ ਦੇਣ ਸੰਦੇਸੇ ਦੂਰੀਂ

ਹਰਫ਼ ਜਿਉਂ ਤਾਰੇ
ਜੁੜ ਜੁੜ ਬਣਦੇ
ਖ਼ਤ ਤੇਰੇ ਵਲ ਕੋਮਲ ਭਾਵੀ
ਹਰਫ਼ ਜਿਉਂ ਪੱਤਾ ਫੁੱਟਦਾ ਕੋਮਲ
 ਫੁੱਲ ਦੀ ਡੋਡੀ
 ਪਈ ਮੁਹੱਬਤ ਤ੍ਰੇਲ ਨੂੰ ਤੱਕਦੀ
 ਮਰ ਮਰ ਜਾਂਦੀ
  ਪਈ ਸ਼ਰਮਾਂਦੀ

ਹਰਫ਼ ਜਿਉਂ ਮੱਛੀ ਤੜਫੇ ਥਲ ਤੇ
ਮੰਗਦੀ ਪਾਣੀ
ਰੰਗ ਮਿਰੇ ਜਿਉਂ ਮੂਕ ਵੇਦਨਾ
ਅੰਤਰ ਮਨ ਤੱਕ ਵੇਂਹਦੀ ਜਾਵੇ

ਰੰਗ ਤੇ ਕੈਨਵਸ
ਇਕ ਦੂਜੇ ਨੂੰ ਮਿਲਦੇ ਜਿਉਂ ਗਲਵਕੜੀ
ਫੈਲਦੇ ਤੁਰਦੇ . . . .
ਵਿਚ ਸਮੁੰਦਰ ਬੂੰਦ ਜਿਉਂ ਕੋਈ
ਜਿਸਮ ਜਿਉਂ ਤੁਰਦੇ ਅੱਧ ਸੁਪਨੇ ਵਿਚ
ਦੂਰ ਦੂਰ ਤੱਕ ਨੀਲ ਰੌਸ਼ਨੀ
 ਜਾਂ ਕੋਈ ਪ੍ਰੇਮ ਕਹਾਣੀ

ਰੰਗ ਕਦੇ
ਜਿਉਂ ਚਾਨਣ ਫ਼ੈਲੇ
ਅੰਦਰੋਂ ਦੂਰ ਭਜਾਵੇ ਨ•ੇਰਾ

ਰੰਗ ਕਦੇ
ਅਰਦਾਸ ਅਗੰਮੀ
ਮਨ ਚਿਤ ਹਰਿ ਕੇ ਲਾਗੈ

ਹਰਫ਼ ਤੇ ਰੰਗ
ਇਕੱਠੇ ਹੁੰਦੇ
ਕਦੇ ਇਾਂਹ ਆਪਣੀ ਥਾਵੇਂ ਹੁੰਦੇ
ਕਦੇ ਬਦਲ ਲੈਂਦੇ ਸਿਰਨਾਵੇਂ
ਇਕ ਬਿੰਦੂ ਤੋਂ ਵਾਂਗ ਲੀਕ ਦੇ
 ਤੁਰਦੇ ਨੰਗੇ ਪਿੰਡੇ
ਕਰਦੇ ਸਫ਼ਰ ਦੂਰ ਅਸਗਾਹ ਤੱਕ
 ਘੁੰਮਣ ਕਈ ਬ੍ਰਹਿਮੰਡੀ
ਮਨ ਮੇਰੇ ਦੇ ਮੋਢੀਂ ਬੈਠੇ
 ਚਿਤਰ ਗੁਪਤ ਜਿਉਂ ਦੋਵੇਂ


ਚੀਂ ਚੀਂ ਚੂੰ ਚੀਂ

ਚੀਂ ਚੀਂ ਚੂੰ ਚੀਂ ਚੂੰ ਚੂੰ ਚੀਂ ਚੀਂ . . . . . 

ਇਹ ਪਹੁ ਫੁੱਟਦੇ ਹੀ
ਪਤਾ ਨਹੀਂ ਕੀ
ਚਿੜੀਆਂ ਦਾ ਮੀਨਾ ਬਾਜ਼ਾਰ ਖੁੱਲ•ਦਾ ਹੈ
ਕਿ ਚਹਿਕਦੀਆਂ ਫੁਦਕਦੀਆਂ
 ਕਰਦੀਆਂ ਨੇ ਖਰੀਦਾਰੀ
 ਸੁਰਖ਼ੀ ਬਿੰਦੀ ਵੰਗਾਂ ਵਗੈਰਾ ਦੀ
 ਜਾਂ ਫਿਰ ਖੁਸ਼ੀ 'ਚ ਝੂਮਦੀਆਂ
 ਗਾਉਂਦੀਆਂ ਕੋਈ ਪਿਆਰ ਨਗ਼ਮਾ
ਸ਼ਾਪਿੰਗ ਕਰਕੇ ਉੱਡਦੀ ਹੈ ਕੋਈ
ਫੁ ਰ ਰ ਰ ਕਰਦੇ ਬਾਜ਼ਾਰੋਂ
ਚੀਂ ਚੂੰ ਚੀਂ ਚੂੰ ਚੀਂ ਚੀਂ ਚੀਂਚੀਂ
 ਮਾਨੋ ਖੁਸ਼ੀ ਦੀ
ਕੋਈ ਸੀਮਾ ਨਹੀਂ
ਮਿਲ ਗਿਆ ਜੋ ਚਾਹਿਆ
ਚੀਂਅ ! ਚੀਂਅ!! ਚੀਂਅ!!
ਚੀਂ ਚੀਂ ਚੀਂ ਚਿ ਚੀਂਅ
ਕਰ ਰਹੀ ਹੈ ਕੋਈ ਭਾਅ
ਨਹੀਂ ਇਹ ਨਹੀਂ
ਔਹ ਦਿਖਾ
ਏਨਾ ਭਾਅ!
ਨਾ ਭਈ ਨਾ

ਚੀਂ ਚੀਂ ਚੀਂ ਚਿ
. . . ਕੋਈ ਦੁਕਾਨਦਾਰ
ਕਰ ਰਿਹੈ ਤਾਰੀਫ਼ ਸਮਾਨ ਦੀ
 ਚੀਂ ਚੀਂ ਚੀਂ ਚੀਂ ਚੀਂ ਚੀਂ ਚੀਂ
  ਚੀਂ ਚੀਂਅ ਚੀਂ ਚੀਂਅ
ਇਹ ਜੋ ਪਹੁ ਫੁੱਟਦੇ
ਚਿੜੀਆਂ ਦਾ ਮੀਨਾ ਬਾਜ਼ਾਰ ਖੁੱਲ•ਦਾ ਹੈ
ਇਹ ਜੋ ਸ਼ਾਮ ਢਲਦੇ ਹੀ
ਉੱਠਦਾ ਹੈ
ਚੀਂ ਚੀਂ ਚੂੰ ਚੁੰ ਚੀਂ ਚੀਂ ਚੀਂ
ਦਾ ਸ਼ੋਰ ਗੁਬਾਰ
ਸਬਜ਼ੀ ਮੰਡੀ ਦਾ ਖਿਲਾਰਾ ਹੈ
ਜਾਂ ਵਿਆਹ ਦਾ ਘਸਮਾਣ ਹੈ
ਕਿਸ ਤੁਰ ਗਏ ਲਈ ਵਿਰਲਾਪ ਹੈ
ਜਾਂ ਨਵਜੰਮੇ ਦੀ ਖੁਸ਼ੀ ਦੇ ਸਮੂਹ ਗਾਨ।


ਹੱਸਦਾ ਪਲ

ਡੂੰਘੀ ਰਾਤ ਵਿਚ
ਮੇਰੇ ਨਾਲ ਪਈ ਮੇਰੀ ਬੱਚੀ
ਸੁਪਨੇ ਦੇ ਵਿਚ ਹੱਸਦੀ
 ਮਲੂਕ ਜਿਹਾ ਹਾਸਾ . . . . 

ਸੁਤਿਆਂ ਵੀ ਉਹ ਮਗਨ
ਕਿਹੜੀਆਂ ਖੇਡਾਂ
ਕਿਹੜੇ ਸੁਪਨੇ
ਚਾਬੀ ਵਾਲਾ ਕੋਈ ਖਿਡੌਣਾ
ਭੱਜ ਪਿਆ ਹੈ ਖੜ•ਾ ਖਲੋਤਾ
ਕੈਰਮ ਬੋਰਡ ਤੋਂ ਕੋਈ ਗੀਟੀ
ਭੁੜਕ ਕੇ ਝੋਲੀ ਆ ਪਈ ਹੋਵੇ

ਮੰਮੀ ਦੀ ਪੱਪੀ ਦਾ ਆਨੰਦ
ਵੀਰੇ ਨੂੰ ਛੇੜਣ ਦੀ ਕਾਹਲੀ
ਜਾਂ ਫਿਰ ਸ਼ੀਸ਼ੇ ਅੱਗੇ ਬਹਿਕੇ
ਬੋਬੋ ਬਣ ਬਣ ਲਾ ਕੇ ਬਿੰਦੀ
ਤਾਲੀ ਮਾਰ ਕੇ ਹੱਸੀ ਹੋਵੇ
ਮੈਡਮ ਦੀ ਸਿਖਲਾਈ ਕਵਿਤਾ
ਐਕਸ਼ਨ ਨਾਲ ਪਈ ਗਾਉਂਦੀ ਹੋਵੇ
'ਹੈਲਦੀ ਵੈਲਦੀ ਐਂਡ ਵਾਈਜ਼' ਕਹਿੰਦਿਆਂ
ਹੱਥਾਂ ਦੀ ਮੁਦਰਾ ਨਾਲ ਹੱਸਦੀ
ਹੱਥਾਂ ਤੇ ਜਿਉਂ ਤਿਤਲੀ ਬਹਿਕੇ
ਫੁੱਲਾਂ ਦੇ ਵੱਲ ਉੱਡ ਗਈ ਹੋਵੇ

ਇਸ ਨਿੱਕੇ ਜਹੇ ਹਾਸੇ ਦੇ ਲਈ
ਲਹਿਰ ਉੱਠੀ ਮੋਹ-ਪਿਆਰ ਦੀ
ਦਿਲ ਕੀਤਾ ਕਿ ਮੱਥਾ ਚੁੰਮਾਂ
ਲਾਡ ਕਰਾਂ ਬਾਹਾਂ ਵਿਚ ਘੁੱਟਕੇ
ਹੱਸਦੀ ਰਹਿ ਤੂੰ ਲਾਡੋ ਰਾਣੀ

ਜਦ ਮੈਂ ਹੱਥ ਆਪਣਾ
ਉਹਦੇ ਸਿਰ ਤੇ ਰੱਖਣ ਲੱਗਦਾਂ
ਡਰ ਜਾਂਦਾ ਹੈ ਮਨ ਮੇਰਾ
ਇਕ ਦਮ ਕਿਧਰੇ ਜਾਗ ਨਾ ਜਾਵੇ
ਹੱਸਦੇ ਪਲ ਤੋਂ ਨਿੱਖੜ ਨਾ ਜਾਵੇ


ਗੁੜ•ਤੀ

ਇਹ ਗੁੜ•ਤੀ ਇਸ ਤਰ•ਾਂ ਦੀ ਨਹੀਂ
 ਕਿ ਇਹ ਪ੍ਰੰਪਰਾ ਹੋਵੇ
 ਮੇਰੀ ਬੁਜ਼ਦਿਲੀ
  ਕਮੀਨਗੀ ਤੇ ਘਟੀਆਪਨ ਹੋਵੇ
ਇਹ ਕੋਈ
ਮਾਂ ਦਾ ਪਾਇਆ
ਚਮਚ ਨਹੀਂ ਹੈ ਦੁੱਧ ਦਾ ਸ਼ੱਕਰ ਮਿਲਾਕੇ

ਇਹ ਗੁੜ•ਤੀ ਇਸ ਤਰ•ਾਂ ਦੀ ਹੈ
ਕਿ ਤੇਰੇ ਮਨ ਦੀਆਂ ਲਹਿਰਾਂ
ਤੇਰੇ ਭਾਵਾਂ ਦੀਆਂ
 ਇੱਛਾ ਦੀਆਂ ਹੋਵਣ

ਤੂੰ ਆਪਣੇ ਸਮੇਂ ਦੇ
 ਰੱਥ ਤੇ ਬੈਠਾ ਸ਼ਾਹ ਸਵਾਰ ਹੋਵੇਂ
 ਆਕਾਸ਼ ਵਿਚਲੇ ਰੰਗ ਨੂੰ
 ਖੁੱਲੀਆਂ ਹਵਾਵਾਂ ਨੂੰ
 ਕਿਸੇ ਦੀ ਅੱਖ ਵਿਚਲੇ ਹੁਕਮ ਵਾਂਗੂੰ
 ਮੰਨਣੋਂ ਇਨਕਾਰ ਕਰ ਦੇਵੇਂ
 ਤੇ ਦੇਖੇਂ ਆਪਣੀ ਅੱਖ ਨਾਲ
  ਰੰਗ ਬੇਸ਼ਕ ਕੋਈ ਹੋਵੇ

ਤੂੰ
ਗੁਲਾਮੀ ਗ੍ਰਹਿਣੀ ਸੋਚ ਦੀ
ਚਾਦਰ ਤੋਂ ਬਚਕੇ
ਬਾਉਣੇਪਣ ਤੋਂ ਮੁਕਤ ਹੀ ਸੋਚੇਂ

ਇਹ ਗੁੜ•ਤੀ ਇਸ ਲਈ ਹੈ ਕਿ
ਤੜਾਗੀ ਨੂੰ ਨਾ ਸਮਝੇਂ ਬੋਝ ਭਾਰਾ
ਪਹਿਨੇ ਡੋਰ ਵਾਂਗੂੰ
ਜਿਵੇਂ ਤਾਬੀਰ ਹੋਵੇ ਉਹ
ਤੇਰੇ ਰੰਗੀਨ ਸੁਪਨੇ ਦੀ

ਇਹ ਗੁੜ•ਤੀ ਇਸ ਲਈ ਹੈ
ਕਿ ਤੂੰ ਮੇਰੇ
ਖਿੱਤਿਆਂ ਦੀ ਕਮਦਿਲੀ ਤੋਂ ਮੁਕਤ ਹੋ ਜਾਵੇਂ
 ਇਹ ਗੁੜ•ਤੀ ਇਸ ਲਈ ਹੈ

P

ਤੂੰ
ਜੇ ਵਾਸਨਾ ਹੈਂ
ਤਾਂ ਮੇਰੇ ਅੰਦਰ ਹੀ ਹੈਂ
ਮੇਰੀ ਹੈਂ
ਜਾਂ ਮੈਂ ਤੇਰਾ

ਕੋਈ ਕਲੇਸ਼ ਨਹੀਂ
ਵਖਰੇਵਾਂ ਨਹੀਂ
ਯੁੱਧ ਨਹੀਂ

ਦੋਸਤ ਹੈਂ ਤੂੰ ਮੇਰੀ
ਵਾਸਨਾ ਰਹਿਤ ਦੋਸਤ।

P

ਪਹਿਲੀ ਵੇਰ
ਚੁੰਮਿਆਂ ਸੀ ਜਦ ਤੈਨੂੰ
ਯਾਦ ਹੈ
ਤੇਰਾ ਬੁੱਲ•ਾਂ ਤੋਂ ਧਰਤੀ ਤੀਕ ਕੰਬ ਜਾਣਾ
ਤੇ
ਨੰਗੇ ਪੈਰੀਂ ਹੋਣ ਤੇ ਵੀ
ਧਰਤੀ 'ਚ ਨਹੀਂ
ਮੇਰੇ ਅੰਦਰ ਲਹਿ ਗਈ ਸੀ
 ਉਹ ਕੰਬਣੀ

ਅੱਜ ਵੀ
ਛੇੜ ਦਿੰਦਾ ਹੈ ਤਰੰਗ ਜਹੀ
 ਅੰਦਰ ਤੀਕ
  ਉਹ ਪਲ 

P

ਉਸ ਪਲ
ਮੈਂ ਅੱਗ ਸਾਂ
ਫਟਦਾ ਜਵਾਲਾਮੁਖੀ
ਹਵਾ ਦੀ ਸ਼ਾਂ-ਸ਼ਾਂ
ਉਬਲਦਾ ਪਾਣੀ
ਤਪਦੀ ਰੇਤ
ਮੇਲ•ਦਾ ਨਾਗ
ਬਸ! ਖੁਦਾ ਸਾਂ ਮੈਂ ਉਸ ਪਲ

ਅਗਲੇ ਪਲ
ਮੈਂ ਜਲ ਸਾਂ
 ਸਹਿਜ ਨਿਰਮਲ
ਸਮਾਨੰਤਰ ਰੇਖਾਵਾਂ ਵਰਗਾ
ਨਿਰਮੋਹ
ਨਿਰਵੈਰ
ਨਿਰ-ਆਕਾਰ ਸਾਂ
ਉਸ ਪਲ ਵੀ ਮੈਂ ਖੁਦਾ ਸਾਂ . . . 


ਉਹ ਸੋਚਦੀ

ਉਹ ਸੋਚਦੀ
ਮੈਂ ਉੱਡਾਂ ਹਵਾਵਾਂ ਸੰਗ
ਫ਼ੈਲ ਜਾਵਾਂ ਦੂਰ ਦੂਰ
 ਪਰਬਤਾਂ ਤੋਂ ਪਾਰ
ਹੋ ਜਾਵਾਂ ਸੁਗੰਧ ਸੁਗੰਧ
 ਹਵਾਵਾਂ ਦੇ ਨਾਲ

ਉਦੋਂ ਹੀ
ਏਨੀਆਂ ਭਾਰੀਆਂ ਹੋ ਜਾਂਦੀਆਂ ਉਹਦੀਆਂ
  ਝਾਂਜਰਾਂ
ਕਿ ਪਰਾਂ ਦਾ ਹਿੱਲਣਾ ਵੀ
 ਸੰਭਵ ਨਾ ਹੁੰਦਾ . . . . 

ਉਹ ਸੋਚਦੀ
ਸਰਪਟ ਦੌੜਦਾ ਘੋੜਾ ਹੋਵੇ
 ਤੇ ਉਹ ਸ਼ਾਹ ਅਸਵਾਰ
 ਜੰਗਲ ਬੇਲੇ ਕੁਦਰਤ ਸਾਰੀ ਨਾਲ ਨਾਲ
ਤੇ ਉਹ ਹੈਰਾਨ ਹੋ ਜਾਂਦੀ
ਕਿੰਜ ਮੈਦਾਨ ਬਦਲ ਜਾਂਦੇ ਨੇ ਦਰਵਾਜ਼ਿਆਂ 'ਚ
ਦਰਵਾਜ਼ੇ ਕਿ ਜਿੰਨ•ਾ ਅੱਗੇ
ਲੋਹੇ ਦੀਆਂ ਸਖ਼ਤ ਸਲਾਖਾਂ . . . 

ਉਹ ਸੋਚਦੀ
ਦੂਰ . . . ਓਥੇ ਹੋਵੇ
 ਜੰਗਲ ਦੇ ਵਿਚਕਾਰ
 ਬਹੁਤ ਸਾਰੇ ਪੰਛੀ ਜਾਨਵਰ ਨਾਲ ਨਾਲ
 ਤੇ ਹਰਿਆਵਲ ਵੀ ਚਾਰ ਦੁਆਰ

ਤੇ ਉਹ ਦੇਖਦੀ ਕਿੰਜ ਸਿਮਟ ਗਈ
 ਉਹਦੇ ਵਿਹੜੇ ਦੇ ਗਮਲਿਆਂ
  ²ਤੇ ਵੇਲਾਂ ਤੀਕ . . . 

ਉਹ ਸੋਚਦੀ ਹੋਵਾਂ ਸ਼ਹਿਰ ਵਿਚਕਾਰ
ਗੁਬਾਰੇ ਹੀ ਗੁਬਾਰੇ ਹੋਣ
 ਉਹਦੇ ਵਸਤਰ - ਖਿੜਕੀ ਤੇ ਆਕਾਸ਼
ਉਹ ਦੇਖਦੀ ਕਿ ਗੁਬਾਰੇ
 ਉਹਦੇ ਵਸਤਰਾਂ ਦੀ ਥਾਂ
 ਉਹਦੇ ਜਿਸਮ ਤੇ ਰੀਂਗਦੇ
  ਅੰਗ ਅੰਗ ਟੋਂਹਦੇਸ
 ਹਵਸ ਭਰੇ ਹੱਥਾਂ ਦੇ ਵੱਟ ਗਏ
ਸ਼ਹਿਰ ਬਣ ਗਿਆ ਵਹਿਸ਼ੀ ਅੱਖਾਂ

ਉਹ ਬਹੁਤ ਸੋਚਦੀ
 ਬਹੁਤ ਉੱਡਦੀ
ਪਰ ਜਦੋਂ ਵੀ ਦੇਖਦੀ
 ਕਿ ਬਾਹਾਂ ਤੋਂ ਪਰ ਗਾਇਬ ਨੇ
 ਤਾਂ ਬਹੁਤ ਉਦਾਸ ਹੋ ਜਾਂਦੀ
ਤੇ ਹੁਣ ਉਹ ਅਕਸਰ
 ਉਦਾਸ ਰਹਿੰਦੀ ਹੈ

P

- ਆਦਿ ਰਚਨਾ
 ਮੇਰੀ ਇਨਸਕਿਊਰਿਟੀ 'ਚੋਂ ਨਿਕਲੀ
 ਲਗਾਤਾਰਤਾ ਹੈ

- ਮੈਂ ਤਾਂ ਛੂਹ ਲਾਉਣੀ ਹੈ
ਜਿਹੜੀ ਤੋੜ ਦੇਵੇ ਲਗਾਤਾਰਤਾ ਦੀ ਸਧਾਰਨਤਾ
ਤੇ ਪੈਦਾ ਕਰ ਦੇਵੇ ਖੂਬਸੂਰਤੀ

- ਜ਼ਿੰਦਗੀ
 ਮੁਸਲਸਲ ਕਰੂਪਤਾਵਾਂ ਤੇ ਭਿਆਨਕਤਾਵਾਂ ਦੀ
 ਪਟੜੀ ²ਤੇ ਸਿਰਜੀ ਰੇਲ ਹੈ 
ਮੈਂ ਇਕਾਈ ਹਾਂ
ਸਮੇਤ ਆਪਣੀ ਉਘੜ-ਦੁਘੜ ਕਰੂਪਤਾ ਦੇ

ਤੇਰੀ ਛੂਹ
ਉਹ ਚਿੰਗਾਰੀ ਹੈ
ਜੋ ਕਰੂਪਤਾ ਸਾੜ•ਕੇ
ਖੂਬਸੂਰਤੀ ਸਿਰਜਦੀ ਹੈ

P

ਮੈਂ
ਯਾਦਾਂ ਦੇ ਉਦਾਸ ਸਰਵਰ 'ਚ ਤੈਰਦਾ
 ਨਿਰਮਲਾ ਨਹੀਂ -
ਉਦਾਸ ਹੰਝੂ ਹਾਂ
ਇਤਿਹਾਸ ਸੰਗ ਜਿਊਂਦਾ - ਮਰਦਾ
  ਚੁਪਚਾਪ
ਨਹੀਂ ਚਾਹੁੰਦਾ ਕਿ ਕਰਾਂ ਦਸਤਕ
ਕਿ ਕਿਸੇ ਦੇ ਵਿਸ਼ਵਾਸ ਦੇ ਪਾਣੀ ਡੋਲ ਨਾ ਜਾਵਣ
ਕਿ ਚੁੱਪ ਮੇਰੀ ਹੈ - ਸੁੱਖ ਤੇਰਾ
ਹੰਝੂ ਮੇਰਾ ਹੈ - ਇਤਿਹਾਸ ਤੇਰਾ
ਮੈਂ ਤਾਂ ਉਦਾਸ ਪੁਲ ਹਾਂ
ਤੇਰੇ ਤੇ ਮੇਰੇ ਵਿਚਕਾਰ ਫ਼ੈਲੇ ਇਤਿਹਾਸ ਵਰਗਾ


ਹੁਣ ਮੈਂ ਪਰਤਦਾ ਹਾਂ

ਮੇਰੀਆਂ ਬਾਹਾਂ ਤੇ ਅੱਖਾਂ ਵਿਚਕਾਰ
ਬਹੁਤ ਕਝ ਕਿਰ ਜਾਂਦਾ ਹੈ
 ਉੱਡ ਜਾਂਦਾ ਹੈ ਰੇਤ ਵਾਂਗ
ਰਹਿ ਜਾਂਦੇ ਨੇ
ਖੰਡਰ, ਵੀਰਾਨਗੀ ਤੇ ਉਦਾਸ ਹਵਾ

ਜਦੋਂ ਵੀ ਮੈਂ ਚੁਟਕੀ 'ਚ ਭਰਦਾ ਹਾਂ ਲਾਲ ਰੰਗ
ਸੋਚਦਾ ਹਾਂ
ਲਾਲ-ਚੂੜੀਆਂ, ਚੁੰਨੀਆਂ ਤੇ ਸੂਟਾਂ ਬਾਰੇ
ਜਦੋਂ ਵੀ ਮੈਂ ਹੱਥ ਵਧਾਉਂਦਾ ਹਾਂ
ਤੇਰਾ ਸਭ ਕੁਝ ਭਰ ਦੇਣ ਲਈ
 ਖੁਸ਼ੀਆਂ ਖੇੜਿਆਂ ਨਾਲ
ਮੇਰੇ ਵਧੇ ਹੋਏ ਹੱਥ ਨੂੰ
ਭਿਉਂ ਦਿੰਦਾ ਹੈ ਕੋਈ ਆਪਣੇ ਅੱਥਰੂਆਂ ਸੰਗ
ਉਹ ਗਰਮ ਗਰਮ ਹੰਝੂ
ਉਦਾਸ ਚਿਹਰਾ
ਤੋਤਲੇ ਬੋਲ
ਮੇਰੀ ਬਾਂਹ ਦੀ ਸੱਤਿਆ ਖਤਮ ਕਰ ਦਿੰਦੇ ਨੇ
ਮੇਰੇ ਜਿਸਮ ਨੂੰ ਬੇਜਾਨ ਕਰ ਦਿੰਦੇ ਨੇ

ਮੈਂ ਜੋ
ਉਥੇ ਹੁੰਦਿਆਂ ਵੀ ਨਹੀਂ ਹੁੰਦਾ
ਰਹਿੰਦਾ ਹਾਂ ਗ਼ੈਰ ਹਾਜ਼ਰ
ਮਨ-ਜਿਸਮ-ਮੋਹ ਸਭ ਤੋਂ

ਮੈਂ ਜੋ
ਭਰਨਾ ਚਾਹੁੰਦਾ ਹਾਂ ਤੇਰਾ ਸਭ ਕੁਝ
 ਖੁਸ਼ੀਆਂ ਖੇੜਿਆਂ ਸੰਗ
ਮਹਿਸੂਸ ਕਰਦਾ ਹਾਂ ਸਵੈ ਨੂੰ
ਕੰਗਾਲ, ਗ੍ਰਸਿਆ, ਖੰਡਿਤ

ਕੀ ਦੇਵਾਂਗਾ?
ਕੀ ਦੇਣ ਜੋਗਾ ਹਾਂ ਮੈਂ

ਮੈਂ ਤਾਂ
ਹਵਾ 'ਚ ਲਟਕਦੇ ਉਨਾਂ ਪਲਾਂ ਵਰਗਾ ਹਾਂ
ਜੋ ਭੂਤ ਤੋਂ ਮਹਿਰੂਮ
ਵਰਤਮਾਨ 'ਚ ਪੈਰ ਵਿਹੂਣੇ
ਤੇ ਭਵਿੱਖ ਪ੍ਰਤੀ ਖਾਲੀਪਨ ਨਾਲ ਭਰੇ ਨੇ

ਮੇਰੀ ਬਾਂਹ ਪਿੱਛੇ ਹੱਟ ਜਾਂਦੀ ਹੈ
ਕਿ ਮਤਾਂ ਮੇਰੀਆਂ ਇਹ ਚਿੰਤਾਵਾਂ
 ਇਹ ਸੋਚਾਂ ਗ੍ਰਹਿਣੀਆਂ
 ਤੇਰੇ ਵਲ ਨਾ ਤੁਰ ਪੈਣ

ਹੁਣ ਮੈਂ ਪਰਤਦਾ ਹਾਂ
 ਵਿਦਾ ਲੈਂਦਾ ਹਾਂ
ਕਿ ਮੈਂ ਤੈਨੂੰ ਖੰਡਰਾਂ ਦੀ ਜੂਨੇ ਨਹੀਂ ਪਾਉਣਾ ਚਾਹੁੰਦਾ

P

ਓਪਰੇਸ਼ਨ ਹੋਣ ਵੇਲੇ
ਡਾਕਟਰ ਤੇਰਾ ਪੇਟ ਚਾਕ ਰਹੇ ਨੇ
ਤੇ ਬਾਹਰ ਬੈਠੇ ਦੇ
ਉਹ ਚੀਸ ਅੰਦਰ ਤੱਕ ਜਾਂਦੀ
ਮੇਰੇ ਮਾਸ ਦੇ ਟੁਕੜੇ
ਕੱਟੇ ਜਾ ਰਹੇ
ਸਿਉਂਤੇ ਜਾ ਰਹੇ


ਨਾਜਾਇਜ਼ ਬੱਚੇ ਨਹੀਂ ਹੁੰਦੇ

ਨਾਜਾਇਜ਼ ਬੱਚੇ ਨਹੀਂ
ਜਿਸਮਾਂ 'ਚ ਸਰਕਦੇ ਖਰਗੋਸ਼ ਹੁੰਦੇ
ਬਾਹਰੀ ਦਸਤਕ ਤੋਂ ਡਰਦੇ
 ਇਕ ਦੂਜੇ ਤੋਂ ਲੁਕਦੇ
ਤੇ ਫਿਰ
ਲੁਕਣਮੀਟੀ ਦੀ ਖੇਡ 'ਚੋਂ
 ਨਿਕਲਦੇ ਲਾਵੇ ਦੀ ਡੋਰ 'ਚ ਬੱਝਣ ਤੋਂ ਪਹਿਲਾਂ
 ਸਭ ਜਾਇਜ਼ ਨੂੰ
 ਨਾਜਾਇਜ਼ ਕਹਿ ਭੱਜ ਉੱਡਦੇ

ਨਾਜਾਇਜ਼ ਬੱਚੇ ਨਹੀਂ
ਜਿਸਮਾਂ ਤੇ ਉੱਗੀਆਂ
 ਸੱਪਾਂ ਦੀਆਂ ਸਿਰੀਆਂ ਹੁੰਦੀਆਂ ਨੇ
 ਤੇ ਵਰਮੀਆਂ 'ਚ ਪਏ ਅੰਡੇ
 ਆਘੋਸ਼ਿਤ ਮਰਦੇ ਨੇ

ਨਾਜਾਇਜ਼ ਬੱਚੇ ਨਹੀਂ
ਮਾਂ-ਬਾਪ ਦੇ ਮਨ ਹੁੰਦੇ ਨੇ
ਡਰੇ ਹੋਏ ਤਨ ਹੁੰਦੇ ਨੇ

ਸਾਫ਼ ਬੱਚੇ ਨਹੀਂ ਹੁੰਦੇ
ਮਾਂ ਦੀਆਂ ਰੀਝਾਂ ਦਾ ਹੁੰਦਾ ਹੈ ਸਫਾਇਆ
ਡੀ.ਐਨ.ਸੀ.
ਤਿੰਨ ਲਫ਼ਜਾਂ ਦੀ ਆਰੀ
ਜਦ ਅੰਦਰ ਚੀਰਦੀ ਹੈ
ਤਨ ਦੀਆਂ ਨਾੜਾਂ ਨਾਲ ਬੱਝੇ ਸੁਪਨੇ
ਕਤਲਗ਼ਾਹ 'ਚ ਲੇਰਾਂ ਮਾਰਦੇ ਨੇ

ਮਾਂ ਦਾ ਜਿਸਮ ਬੁੱਝਦਾ ਹੈ
ਅੱਖਾਂ ਦਾ ਸੁਪਨਾ
ਮਨ ਦਾ ਵਹਾਅ
ਸਤਰੰਗੀ ਪੀਂਘ
ਤੋਤਲੇ ਸੁਪਨੇ
ਗੋਭਲੇ ਪੈਰ
ਥਿਰਕਦੀ ਲਹਿਰ
 ਸਭ ਦਾ ਸਫਾਇਆ ਹੁੰਦਾ ਹੈ

ਜਦੋਂ ਬੱਚਾ
ਮਰੇ ਮਾਸ ਦਾ ਲੋਥੜਾ ਬਣ
ਡਸਟਬਿਨ 'ਚ ਡਿਗਦਾ ਹੈ
ਤਾਂ ਉਸ ਮਾਂ ਦਾ
ਰੀਝਾਂ ਦਾ ਪੁਲੰਦਾ ਡਸਟਬਿਨ 'ਚ ਡਿਗਦਾ ਹੈ
ਜੋ ਮਾਂ ਨਹੀਂ - ਮਾਂ ਵਰਗੀ ਹੈ
ਜੋ ਪਤਨੀ ਨਹੀਂ - ਬਸ ਮਾਂ ਹੈ

ਨਜਾਇਜ਼ ਬੱਚੇ ਨਹੀਂ ਹੁੰਦੇ
ਲੇਡੀ ਡਾਕਟਰ ਦਾ ਮੂੰਹ ਪਾੜਕੇ ਮੰਗਿਆ ਬਿਲ ਹੁੰਦਾ ਹੈ
ਜੋ ਜਾਣਦੀ ਹੈ
ਸਮਾਜ ਦੇ ਦੁਆਰ ਦੇ ਸਖ਼ਤ ਸਰੀਏ
ਜੋ ਜਾਦੀ ਹੈ
ਕਿ ਕੁੜੀ ਮਾਂ ਹੋਣ ਦਾ ਕਿੰਨਵਾਂ ਸਰਾਪ ਭੁਗਤ ਰਹੀ ਹੈ
ਤੇ ਜਾਣਦੀ ਹੈ
ਸਰਾਪ ਤੋਂ ਮੁਕਤ ਹੋਣ ਦੀ ਕੀਮਤ

ਨਾਜਾਇਜ਼ ਬੱਚੇ ਨਹੀਂ -
 ਉਹ ਪਿਆਰ ਹੁੰਦਾ ਹੈ
 ਜੋ ਖੂਨ ਦੇ ਬੁੱਥਾਂ ਵਾਂਗੂੰ
 ਮਾਂ ਦੀ ਕੁੱਖ 'ਚੋਂ ਕਿਰਕੇ
 ਸਾਡੇ ਚਿਹਰਿਆਂ
 ਸਾਡੀ ਤਰੱਕੀ ਤੇ ਫਰਾਖ਼ਦਿਲੀ ਉੱਪਰ
 ਸਾਡੇ ਮੀਸਣੇਪਨ ਦੇ ਧੱਬੇ ਲਾਉਂਦਾ ਹੈ

P

ਕਿਸੇ ਇਕ ਬਿੰਦੂ ਦੇ
ਖਿਲਾਅ 'ਚੋਂ ਉਗਮਣ
ਤੇ ਅਸਤ ਹੋ ਜਾਣ ਦਾ ਨਾਮ ਹੈ - ਵਕਤ

ਮਹਿਬੂਬ ਦੀਆਂ ਯਾਦਾਂ ਦੇ
ਉਦਾਸ ਨਗਮਿਆਂ ਤੋਂ
ਕੁਝ ਵਰਿ•ਆਂ ਬਾਅਦ
ਬੀਵੀ ਦੀਆਂ ਅੱਖਾਂ 'ਚ
 ਮੱਧਮ ਪੈਂਦਿਆਂ ਪੈਂਦਿਆਂ
ਵਿਆਹ ਦੀ ਐਲਬਮ 'ਚ
ਕਿਧਰੇ
ਗੁਆਚ ਜਾਣ ਦਾ ਨਾਮ ਹੈ - ਵਕਤ

ਖੁਦੋ ਗੀਟੀਆਂ ਤੋਂ
ਵਗਦੇ ਝਰਨਿਆਂ ਵਰਗੇ ਵੇਗ ਦਾ
ਬੇਸੁਆਦ ਮੂੰਹ ਨਾਲ
ਉਦਾਸ ਅੱਖਾਂ ਦਾ
ਅਸਤਦੇ ਸੂਰਜ ਨਾਲ
ਆਖ਼ਰੀ ਸੰਵਾਦ ਦਾ ਨਾਮ ਹੈ ਵਕਤ
ਪੁਲਾਂ ਹੇਠੋਂ ਲੰਘੇ ਪਾਣੀ ਨੂੰ
ਉਸੇ ਰਾਹ ਦੁਬਾਰਾ ਲੰਘਾਉਣ ਦੀ
ਬੇਬਸੀ ਦਾ ਨਾਮ ਹੈ - ਵਕਤ

ਮੇਰੇ ਅਹਿਸਾਸਾਂ ਦਾ
ਅੰਦਰ ਉਗਮਦੇ ਸੁਰਾਂ ਰਾਗਾਂ ਦਾ
ਤੇਰੇ ਤੀਕ ਪਛੜਕੇ ਪਹੁੰਚਣ ਦਾ ਨਾਮ ਹੈ - ਵਕਤ 


ਸਾਂਭ ਲੈ ਮੈਨੂੰ

ਇਤਿਹਾਸ ਨਾ ਸਹੀ
 ਫਿਰ ਵੀ ਸਾਂਭ ਲੈ ਮੈਨੂੰ
ਕਿ ਮੈਂ
ਪੱਤਰਾ ਪੱਤਰਾ ਖਿਲਰ ਰਹੀ ਕਿਤਾਬ ਹਾਂ
ਤਿੜਕਦੇ ਸਮਿਆਂ ਦੇ
 ਜੰਗਾਲੇ ਹੱਥਾਂ 'ਚ
 ਕਦੋਂ ਤਕ ਬਚ ਰਹਾਂਗੀ?

ਆਪਣੇ ਪਿਲੱਤਣ ਭਰੇ ਪੰਨਿਆਂ 'ਚ
ਹਰੇ ਕਚੂਰ ਹਰਫ਼ਾਂ ਦੀ ਇਬਾਰਤ ਹਾਂ
ਅਹਿਸਾਸਾਂ ਦੀ ਰਾਗਣੀ
ਪਤਝੜ 'ਚ
ਟਾਹਣਿਓਂ ਟੁੱਟਦੇ ਪੱਤਿਆਂ ਦੇ
ਕੰਬਦੇ ਹੱਥਾਂ 'ਚ
ਸਿੰਮਦੀਆਂ ਅੱਖਾਂ 'ਚ
ਥਿਰਕਦੇ ਬੁੱਲ•ਾਂ 'ਚ
ਜ਼ਿੰਦਗੀ ਦਾ ਗੀਤ ਹਾਂ
ਇਤਿਹਾਸ ਨਾ ਸਹੀ
ਫਿਰ ਵੀ ਸਾਂਭ ਲੈ ਮੈਨੂੰ

P

ਇਹ ਕੀ ਹੋ ਜਾਂਦਾ ਹੈ
ਸਾਰੇ ਰੰਗਾਂ 'ਚੋਂ ਜਦੋਂ ਉੱਭਰਦਾ ਹੈ
 ਉਹੀ ਘਸਮੈਲਾ ਰੰਗ
ਸਾਰੇ ਸਾਜ਼ ਹੀ ਹੋ ਜਾਂਦੇ ਨੇ ਉਦਾਸ

ਮਨ ਦੀ ਮਿਥਿਆ
ਉਸਤਾਦਾਂ ਦੇ ਨੁਕਤੇ - ਤੱਤ
ਸਭ ਸੁਰਾਂ ਰਾਗਾਂ ਤਾਲਾਂ ਨੂੰ
 ਇਕੋ ਉਦਾਸ ਹੇਕ
 ਲੈ ਜਾਂਦੀ ਹੈ ਉਡਾਕੇ ਨਾਲ ਨਾਲ

ਇਹ ਕੀ ਹੋ ਜਾਂਦਾ ਹੈ
ਕਿ ਜਦੋਂ ਖੁਸ਼ੀ ਤੇ ਕਹਿਕਹੇ ਵਰਗੇ ਸ਼ਬਦ ਵੀ
ਉਦਾਸ ਧੁਨੀਆਂ ਉਚਾਰਦੇ ਨੇ

ਚਹਿਕਦੇ ਗੁਟਕਦੇ
 ਚੁੱਪ ਹੋ ਜਾਂਦੇ ਨੇ ਕਬੂਤਰ

ਤੂੰ ਆ ਕੇ ਦੇਖ ਤਾਂ ਸਹੀ
ਕਿੰਜ ਮੇਰੀ ਦੁਨੀਆਂ
ਮੇਰੀਆਂ ਅੱਖਾਂ ਸਾਹਵੇਂ
ਰੰਗ ਬਦਲ ਲੈਂਦੀ ਹੈ
 ਤੇਰੇ ਤੋਂ ਬਿਨਾਂ
 ਤੇਰੇ ਤੋਂ ਬਿਨਾਂ

P

ਸਮੁੰਦਰ ਵਾਂਗ ਡੂੰਘੀਆਂ
ਚਸ਼ਮੇਂ ਵਾਂਗ ਵਹਿੰਦੀਆਂ
 ਰੇਸ਼ਮੀ ਮਾਣਮੱਤੀਆਂ
 ਤੇ ਚੁੰਮਣ ਜੋਗੀਆਂ ਚਿੱਠੀਆਂ
 ਵਰਜਿਤ ਹੋ ਜਾਂਦੀਆਂ ਨੇ ਅਕਸਰ
ਜਿਨਾਂ ਰਹਿਣਾ ਹੁੰਦਾ ਹੈ ਨਾਲ
 ਅਸਥੀਆਂ ਤੀਕਰ
ਟੁਕੜਿਆਂ 'ਚ ਤਬਦੀਲ ਹੋ ਕੇ
ਵਕਤ ਦੀ ਧੂੜ 'ਚ ਰੁਲ ਜਾਂਦੀਆਂ ਨੇ

ਰੁਲ ਤਾਂ ਜਾਂਦੇ ਨੇ ਉਹ ਟੁਕੜੇ
 ਪਰ ਹਰਫ਼
 ਇਬਾਰਤ ਤੇ ਅਹਿਸਾਸ
 ਮਚਦੇ ਮਘ•ਦੇ ਰਹਿੰਦੇ
 ਉੱਕਰ ਜਾਂਦੇ ਸਦਾ ਸਦਾ ਲਈ
  ਮਨਾਂ ਦੇ ਅੰਦਰ
   ਤਨਾ ਦੇ ਉੱਪਰ
ਕੁਝ ਚਿੱਠੀਆਂ
ਜਿਉਂ ਵਿਚ ਸਦੂੰਕੀਂ ਲੀੜੇ
ਲੋੜ ਪੈਣ ਤੇ ਪੜ• ਹੋ ਜਾਵਣ

ਸਾਂਭੀਆਂ ਸਦੂੰਕੀਆਂ ਚਿੱਠੀਆਂ
ਤੇ ਮਨਾਂ 'ਚ ਉੱਕਰੀਆਂ ਚਿੱਠੀਆਂ
 ਇਕੋ ਜਹੀਆਂ ਹੁੰਦੀਆਂ ਵੀ
 ਇਕੋ ਸਰਦਲ ਕਦੇ ਨਾ ਲੰਘਣ

P

ਕਿਉਂ ਹੁੰਦਾ ਹੈ
ਸਾਡੇ 'ਚ ਅਕਸਰ ਗੁੱਸੇ 'ਚ ਸੰਵਾਦ
 ਜਦੋਂ ਤੂੰ ਕੋਲ ਹੋਵੇਂ

ਤੇ ਕਿੰਜ ਪਿਆਰ 'ਚ ਭਿੱਜਿਆ
 ਤੇਰੇ ਅੰਦਰ ਜਾ ਵੜ•ਦਾ ਹਾਂ

ਜਦੋਂ ਤੂੰ
 ਦੂਰ ਹੁੰਦੀ ਹੈਂ ਮੈਥੋਂ

P

ਮੈਂ ਮਰ ਜਾਂਦੀ ਹਾਂ
ਪਿਆਰ 'ਚ
 ਤੇਰੀ ਹਿੰੋਸਾ ਕਾਰਨ

ਮੁਹੱਬਤ ਤੇ ਹਿੰਸਾ
 ਇਕ ਨਹੀਂ ਹੁੰਦੇ
 ਨਾਲ ਨਾਲ ਚਲਦੇ ਨੇ

P

ਤੇਰੀ ਸ਼ੱਕ ਭਰੀ ਨਜ਼ਰ
ਮੈਨੂੰ ਹੋਰ ਭਟਕਣ ਲਾ ਦਿੰਦੀ ਹੈ
ਤੇ ਮੁਕਤੀ ਦਾ ਵਰਦਾਨ ਬਣਦੀ ਹੈ

P

ਗੂੰਜਦਾ ਹੈ
ਸ਼ਬਦ ਇਤਿਹਾਸ
ਜਗਾਉਂਦਾ ਹੈ ਮੌਤ ਦੀ ਸੁੱਤੀ ਕਾਇਨਾਤ
ਇੱਕ ਲੰਬੀ ਮਾਲਾ
ਦੂਰ ਹਨੇਰ ਤੋਂ ਉਗਮਦੀ
ਪਹੁੰਚਦੀ ਮੇਰੇ ਤੀਕ ਮਣਕਾ ਮਣਕਾ
ਮੇਰਾ ਜਨੂੰਨ
ਸ਼ਬਦਾਂ ਰੰਗਾਂ ਸੁਰਾਂ ਦੀ ਸੂਫ਼ੀ ਤਰੰਗ
ਮੇਰੀ ਖੁਸ਼ੀ ਦੀ ਚਰਮ ਸੀਮਾ
ਮੇਰੀ ਭਰਪੂਰਤਾ ਦਾ ਪਲ
ਭਰਦਾ ਹੈ ਮੇਰੇ 'ਚ
ਛੂਹਣ ਦੀ ਸ਼ਕਤੀ
ਉਸ ਮਣਕੇ ਨੂੰ
ਜੋ ਇਕ ਛਿਣਕ ਮਹੀਨ ਪਰਦੇ ਦੇ ਉਹਲੇ
ਚਮਕਦਾ ਚਹਿਕਦਾ
ਅਨੰਤ ਹਨੇਰੇ ਵੱਲ ਜਾਂਦਾ ਹੈ
ਮਣਕਾ ਮਣਕਾ ਬਣਦੀ
ਲੰਬੀ ਬਹੁਤ ਲੰਬੀ ਮਾਲਾ
 ਇਤਿਹਾਸ ਦੀ

P

ਕਿਤਾਬ ਪੜ•ਦਿਆਂ
ਸ਼ਬਦ - ਅਰਥ - ਖਲਾਅ
ਜਦ ਇਕ ਹੋ ਜਾਂਦੇ ਨੇ
ਤਾਂ ਮੈਂ
ਅੰਡਰ ਲਾਈਨ ਕਰੀ ਜਾਂਦਾ ਹਾਂ
ਸ਼ਬਦ - ਫਿਕਰੇ - ਅਹਿਸਾਸ

ਤੇ ਆਪਣੀ ਬੁੱਧ ਨੂੰ
ਹੀਣ ਹੋਣ ਦਾ ਅਹਿਸਾਸ ਕਰਾਉਂਦਾ ਹਾਂ
ਮੈਂ ਕਿਤਾਬ ਨੂੰ ਨਹੀਂ
ਆਪਣੀਆਂ ਕਮਜ਼ੋਰ ਨਾੜੀਆਂ ਨੂੰ
ਪਰਖਦਾ ਹਾਂ

ਅਲਾਰਮ ਲਾਉਂਦਾ ਹਾਂ
ਨੀਂਦ 'ਚੋਂ ਜਾਗਣ ਲਈ
ਪਰਵਾਜ਼ ਨੂੰ ਤਾਜ਼ਗੀ ਦੇਣ ਲਈ


ਇਕਬਾਲ ਕਰਦਾ ਹਾਂ

ਅੱਜ ਵਰਿ•ਆਂ ਬਾਅਦ ਮੈਂ
ਕਮਜ਼ੋਰੀਆਂ ਦਾ ਇਕਬਾਲ ਕਰਦਾ ਹਾਂ
ਤੂੰ ਬਹੁਤ ਦਲੇਰ
ਤੇ ਮੈਂ ਬੁਜ਼ਦਿਲ
ਤੈਨੂੰ ਦਿਲੋਂ ਚਾਹੁੰਦਿਆਂ ਵੀ
ਜਿਸਮ ਨਾਲੋਂ ਲਾਹ ਨਾ ਸਕਿਆ
ਦੁਨੀਆਂ - ਸਮਾਜ - ਰਿਸ਼ਤੇ - ਨਾਤੇ
ਉਂਜ ਤੂੰ ਮੇਰੇ ਲਈ ਔਰਤ ਸੈਂ
ਭਰਪੂਰ ਤੇ ਜਵਾਨ
ਪਰ ਰਿਸ਼ਤਿਆਂ ਦੀ ਸੀਮਾਂ
ਚੀਨੀ ਦੀਵਾਰ ਵਾਂਗ
 ਸਾਡੇ ਦਰਮਿਆਨ ਸੀ
ਉਸ ਰਾਤ
ਉਸ ਪਲ ਲਈ
ਮੈਂ ਕਦੇ ਵੀ ਮੁਆਫ਼ ਨਹੀਂ ਕਰ ਸਕਦਾ
  ਆਪਣੇ ਆਪ ਨੂੰ
ਕਿਉਂਕਿ ਉਦੋਂ ਤੂੰ ਸੱਚ ਸੈਂ
 ਤੇ ਮੈਂ ਨਿਰਾ ਕੂੜ
 ਰਿਸ਼ਤਿਆਂ ਦੀ ਆੜ 'ਚ ਬੋਲਦਾ ਨਾਮਰਦ
ਅੱਜ ਵਰਿ•ਆਂ ਬਾਅਦ ਮੈਂ ਇਕਬਾਲ ਕਰਦਾ ਹਾਂ
  ਤੂੰ ਮੈਨੂੰ ਮੁਆਫ਼ ਕਰ ਦੇਵੀਂ


ਉਦਾਸੀ ਦਾ ਚਿਤਰ

ਸਾਜ਼ ਜਦੋਂ ਉਦਾਸ ਹੁੰਦਾ ਹੈ
ਤਾਂ ਸਰੋਤਿਆਂ ਦੀਆਂ ਅੱਖਾਂ 'ਚ
 ਪਨਾਹ ਮੰਗਦਾ ਹੈ

ਜ਼ਖ਼ਮ ਜਦੋਂ ਉੱਚੜਦਾ ਹੈ
ਤਾਂ ਅਤੀਤ ਦੇ ਪਰਛਾਵਿਆਂ ਓਹਲੇ
ਖੁਸ਼ਗਵਾਰ ਪਲਾਂ ਦੀ ਸਾਂਝ ਲਈ
ਬਿਹਬਲ ਜਹੇ ਗੀਤ ਵਾਂਗ
ਮੱਥੇ ਦੀਆਂ ਨਾੜਾਂ 'ਚ
 ਚੀਕ ਬਣ ਲਰਜ਼ਦਾ ਹੈ

ਮਨ ਜਦੋਂ ਸ਼ਾਂਤ ਹੁੰਦਾ ਹੈ
ਤਾਂ ਗਹਿਰਾ - ਧੁਰ ਅੰਦਰ ਕਿਤੇ
ਗਰਮ ਲਾਵਾ ਖੌਲ ਰਿਹਾ ਹੁੰਦਾ ਹੈ

ਤਨ ਜਦ ਸਿਥਲ ਹੁੰਦਾ ਹੈ
ਤਾਂ ਅੰਦਰੋਂ ਕਿਸੇ ਕੋਨੇ 'ਚੋਂ
ਪਾਰਾ ਬਾਹਰ ਡੁੱਲਣ ਲਈ ਬਿਹਬਲ ਹੁੰਦਾ ਹੈ
ਯਾਦ ਜਦ ਸਫ਼ਰ ਹੁੰਦੀ ਹੈ
ਤਾਂ ਜਿਸਮ
ਹਜ਼ਾਰਾਂ ਕੋਹਾਂ ਦੀ ਦੂਰੀ
ਕੈਨਵਸ ਵਰਗੇ ਅੰਤਰਮਨ ਤੇ
ਗਤੀਸ਼ੀਲ ਲਕੀਰਾਂ ਬਣ ਤੈਅ ਕਰਦਾ ਹੈ
ਤੇ ਉਦਾਸੀ ਦਾ ਚਿਤਰ ਉਲੀਕਦਾ ਹੈ


ਸ਼ਬਦਾਂ ਦਾ ਦਰਵਾਜ਼ਾ

ਰਾਤ ਗਹਿਰੀ ਵਿਚ
ਚੰਨ ਤਾਰੇ ਚਮਕਦੇ
ਡੁੱਬਦੇ ਮਨ ਦੀਆਂ ਸੋਗੀ ਲਹਿਰਾਂ
 ਟਿਮਕਦੀਆਂ ਤਾਰਾਂ ਦੇ ਵਾਂਗੂੰ
   ਲਰਜ਼ਦੀਆਂ

ਚੁੱਪ ਦਾ ਪ੍ਰਛਾਵਾਂ
 ਹਨੇਰੇ 'ਚ ਪਿਘਲਦਾ
 ਰੰਗਾਂ - ਤਰੰਗਾਂ - ਧੁਨੀਆਂ ਦਾ ਭੰਡਾਰ
 ਗੂੜ•ੇ ਫਿੱਕੇ ਰੰਗਾਂ ਦੀ ਲੰਬੀ ਸੜਕ
  ਦੂਰ ਕਿਤੋਂ ਆਉਂਦੀ
  ਧੁਰ ਅੰਦਰ ਉਤਰਦੀ ਮੇਰੇ
ਹਾਦਸੇ ਮਨਾਂ 'ਚ ਗਹਿਰੇ ਲੱਥੇ
ਸੁੱਤੇ ਜ਼ਖਮ ਨੇ ਕਰਵਟ ਲੈਂਦੇ
 ਵਕਤ ਮਧਾਣੀ ਹਿਲਦੀ
 ਧੁਨੀਆਂ ਅੰਦਰ ਹਲਚਲ ਹੁੰਦੀ
 ਤਰੰਗਾਂ ਦਾ ਵੇਗ਼ ਵਧਦਾ
 ਮਨ ਦੀ ਬਿਹਬਲਤਾ 'ਚ ਹੱਥ ਹਿਲਦਾ ਹੈ
 . . . 
ਤੇ ਫਿਰ
ਸ਼ਬਦਾਂ ਦਾ ਦਰਵਾਜ਼ਾ ਖੁੱਲ•ਦਾ ਹੈ

P

ਸੁਪਨੇ
ਜਦੋਂ ਵੀ ਅੱਖਾਂ, ਹੱਥਾਂ ਦੇ ਕਰੀਬ ਆਉਂਦੇ
ਤਾਂ ਉਨ•ਾਂ ਦੇ ਰੰਗ
 ਇਕ ਦਮ ਫੇਡ ਹੋ ਕੇ
  ਧੁੰਦ 'ਚ ਮਿਲ ਜਾਂਦੇ
ਅੱਗੇ ਵਧੇ ਹੱਥ
ਦੂਰੀ ਤਹਿ ਕਰਨੋ ਰਹਿ ਜਾਂਦੇ ਨੇ
 ਅਕਸਰ


ਮੈਂ ਅਕਸਰ ਭਰ ਜਾਂਦਾ ਹਾਂ

ਭਰ ਜਾਂਦਾ ਹਾਂ ਮੈਂ
ਗਲ਼ ਤੀਕ . . . . ਸਿਰ ਤੀਕ . . . . ਮਨ ਤੀਕ
 ਸਿਰੋਂ ਉੱਪਰ ਵਗਦੀ ਹਵਾ ਤੀਕ
 ਜਿਸਨੂੰ ਮਾਪਣ ਦਾ ਕੋਈ ਢੰਗ ਨਹੀਂ ਹੈ ਮੇਰੇ ਕੋਲ
 ਬਸ! ਮੈਂ ਭਰ ਜਾਂਦਾ ਹਾਂ ਅਕਸਰ
ਉਦਾਸ ਹਾਂ
ਕਿਸੇ ਗੀਤ 'ਚ ਲਰਜ਼ਦੇ ਦਰਦ ਵਾਂਗ
ਤਲਾਸ਼ ਹੈ - ਭਟਕਣ ਹੈ - ਸਮੁੰਦਰ ਹੈ
ਜਾਮਨੀ ਜਿਸਮ ਨੇ
ਤੈਰਦੇ ਪਿਘਲਦੇ ਮੋਮ ਬਣਦੇ
ਮਾਰੂਥਲ ਹੈ -
 ਤਪਦਾ ਤੱਤਾ ਮਾਰੂਥਲ
 ਛਾਤੀਆਂ ਹੀ ਛਾਤੀਆਂ ਨੇ ਚਾਰੇ ਪਾਸੇ
 ਤਪਦੀਆਂ ਛਾਤੀਆਂ ਦੇ ਪਿਰਾਮਿਡ

ਚੌਂਕ ਹੈ - ਵਾਹਨ ਨੇ - ਆਵਾਜ਼ਾਂ ਦਾ ਸ਼ੋਰ ਹੈ
 ਅਥਾਹ ਅਸਹਿ ਸ਼ੋਰ
ਕਮਰਾ ਹੈ - ਘੜੀ ਹੈ 
 ਲੱਖਾਂ ਘੜੀਆਂ 'ਚ ਤਬਦੀਲ ਹੋਈ
 ਐਂਮਪਲੀਫਾਈਡ
  ਟਕ-ਟਕ  -  ਟਿਕ-ਟਿਕ - ਟਕ-ਟਕ
 ਮੱਥੇ 'ਚ ਦਿਮਾਗ਼ 'ਚ ਮਨ 'ਚ
 ਹਥੌੜਿਆਂ ਵਾਂਗ ਵੱਜ ਰਹੀ ਟਕ-ਟਕ  -  ਟਿਕ-ਟਿਕ

ਰੰਗ ਦੇ - ਦਾਇਰੇ ਨੇ - ਤਿਕੋਨਾਂ ਨੇ - ਲਕੀਰਾਂ ਲੇ
 ਗੂੜੇ ਤੋਂ ਫਿੱਕੇ ਹੁੰਦੇ ਰੰਗ
 ਫਿੱਕੇ ਤੋਂ ਗੂੜ•ੇ ਹੁੰਦੇ ਦਾਇਰੇ
 ਦਿਸਦੇ ਦਿਸਦੇ ਧੁੰਦਲੇ ਹੁੰਦੇ ਤਿਕੋਨ
 ਮਨ ਦਾ ਵਿਗੜਿਆ ਗਰਾਫ਼ ਉਲੀਕਦੀਆਂ ਲਕੀਰਾਂ

ਖੂਹ ਹੈ
ਲਟਕਦਾ ਜਿਸਮ ਹੈ - ਚੀਕ ਹੈ
ਸਿਵਾ ਹੈ - ਅੱਗ ਹੈ - ਸੁਲਘ•ਦੀ ਰਾਖ਼ ਹੈ
ਰਿਸ਼ਤੇ ਨਾਤੇ
ਅਸਮਾਨ  ਧਰਤ ਹਵਾ
ਸਭ ਭਰ ਗਿਆ ਹੈ ਇਨ•ਾਂ ਨਾਲ

ਦਫ਼ਤਰ ਹੈ
ਕਿਤਾਬਾਂ ਨੇ - ਡਿਜ਼ਾਈ ਨੇ -
ਕੈਸਿਟਾਂ ਨੇ -
ਜੀਜਾ-ਸਾਲੀ, ਦਿਓਰ-ਭਾਬੀ, ਛੜਾ ਜੇਠ
ਸਭ ਅਸਹਿ, ਅਜੀਬ, ਬਕਵਾਸ
ਲਗਦਾ ਹੈ
ਕਵਿਤਾ ਮੁੱਕ ਜਾਵੇਗੀ
 ਸੁੱਕ ਜਾਵੇਗੀ ਇਹ ਨਦੀ
 ਇਨ•ਾਂ ਸ਼ਬਦਾਂ ਨੂੰ ਕੰਪੋਜ਼ ਕਰਦਿਆਂ ਕਰਦਿਆਂ
 ਦਮ ਤੋੜ ਜਾਵੇਗੀ।
ਸ਼ਾਮ ਹੈ - ਸ਼ਰਾਬ ਹੈ - ਹੁੰਮਸ ਹੈ
ਪੌੜੀਆਂ - ਰਾਤ
ਸਟੇਸ਼ਨ - ਸਿਗਰਟ - ਧੂੰਆਂ
ਛੱਕ-ਛੱਕ . . .  ਬੱਕ-ਬੱਕ . . . . 
ਕੁਝ ਹੈ, ਕੁਝ-ਨਹੀਂ . . . . 
 ਆਖ਼ਿਰ ਕੀ ਹੈ?
ਹੱਥ ਪੁੜਪੁੜੀਆਂ ਤੇ ਨੇ
ਅੱਖਾਂ ਫ਼ੈਲ ਰਹੀਆਂ ਨੇ
ਸੜਕ ਹੈ ਜਾਂ ਸੜਕ ਵਰਗਾ ਕੁਝ
ਵੀਰਾਨ - ਸੁੰਨਸਾਨ - ਬਹੁਤ ਲੰਬਾ ਜਿਹਾ ਅਹਿਸਾਸ

ਹੱਥ ਸਿਰ ਨੂੰ ਘੁੱਟ ਕੇ ਬੋਚ ਰਹੇ ਨੇ
ਮਨ ਹੈ - ਉੱਡ ਜਾਣ ਨੂੰ ਕਰਦਾ
ਤਨ ਹੈ - ਨਾ ਹਿਲਦਾ ਨਾ ਭੱਜਦਾ 
 ਤੜਪਦਾ ਸਿਸਕਦਾ
ਤੇ ਕੁਝ ਮੇਰੇ ਵਿਚੋਂ ਅਲੱਗ ਤੁਰ ਪਿਆ ਹੈ
ਕੋਈ ਇਕ ਦਿਸ਼ਾ ਵਲ
ਕੋਈ ਦੂਸਰੀ - ਤੀਸਰੀ ਵੱਲ
ਉਨ•ਾਂ ਦੇ ਪਿੱਛੇ ਤੁਰ ਪਏ
ਕਿੰਨੇ ਹੀ ਹੋਰ ਪਰਛਾਵੇਂ ਜਿਸਮ
 ਮੇਰੇ 'ਚੋਂ ਨਿਕਲ ਤੁਰੇ ਨੇ

ਸਮੁੰਦਰ ਹੈ - ਹਵਾ ਹੈ - ਜੰਗਲ ਹੈ
ਜਿਸਮ ਨੇ - ਸਿਰਫ਼ ਅੰਗ ਨੇ
 ਖਿਲਰੇ, ਉੱਘੜ ਦੁੱਘੜੇ
ਇਕ ਅਹਿਸਾਸ ਹੈ
ਖੁਸ਼ ਹਾਂ — ਉਦਾਸ ਹਾਂ
ਆਵਾਜ਼ ਹੈ - ਨਾਦ ਹੈ
ਮੈਂ ਅਕਸਰ ਭਰ ਜਾਂਦਾ ਹਾਂ ਇਵੇਂ ਹੀ
 ਅਕਸਰ ਭਰ ਜਾਂਦਾ ਹਾਂ


ਕੋਰੇ ਸਫ਼ਿਆਂ ਦਾ ਉਜਾੜ

ਮੈਂ ਕਵਿਤਾ ਤੇ ਕਲਮ
ਵੇਗ਼ 'ਚ ਸਾਂ
ਕਵਿਤਾ ਵੇਗ਼ ਮਤੀ ਨਦੀ ਵਾਂਗ
ਪਹਾੜੋਂ ਉੱਤਰ
ਮੇਰੀ ਚੇਤਨਾ 'ਚ
 ਵਾਵਰੋਲੇ ਵਾਂਗ ਘੁੰਮਦੀ ਹੈ
ਮਹਿਬੂਬ ਦੀ ਗਲਵੱਕੜੀ ਦੇ ਆਨੰਦ 'ਚ

ਕਲਮ ਲਿਖ ਰਹੀ ਹੈ
ਬੇਬਸੀ ਉਦਾਸੀ ਖੁਸ਼ੀ
ਧਰਤ-ਧਰੁਵ
ਅਸਮਾਨ - ਅਨੰਤ
. . . .
ਕਵਿਤਾ ਹੈ
ਲਗਦਾ ਹੈ ਸਿਖਰ ਹੈ
ਮਨ ਤਨ ਮੇਰਾ
ਵਿਸ਼ੇਸ਼ ਲੈਅ 'ਚ ਮਸਤ
ਕਵਿਤਾ ਲਿਖੀ ਜਾ ਰਹੀ ਹੈ
ਤੇ ਮੈਂ
ਹਰਿਆ ਭਰਿਆ ਦਰਖ਼ਤ ਹਾਂ
ਸੂਖਮ ਛੂਹਾਂ ਦੀ ਹਰੀ ਭਰੀ ਕਵਿਤਾ ਨਾਲ
 ਲਬਰੇਜ਼ ਸਫ਼ਾ . . . 
ਅਚਾਨਕ ਕੁਝ ਹਿੱਲਦਾ ਹੈ
ਤਾਂ ਮੈਂ ਜਾਗ ਜਾਂਦਾ ਹਾਂ
ਅੱਭੜਵਾਹੇ ਉੱਠ ਕੇ ਦੇਖਦਾ
 ਖੱਬੇ ਸੱਜੇ
ਉਹ ਭਰਿਆ ਸਫ਼ਾ
ਸ਼ਬਦ ਕਵਿਤਾ ਕਲਮ
ਬਿਸਤਰ ਨਹੀਂ ਇਹ ਰੇਗਿਸਤਾਨ ਹੈ
ਉਜਾੜ ਹੀ ਉਜਾੜ ਹੈ ਹਰਤਰਫ਼
 ਕੋਰੇ ਸਫ਼ਿਆਂ ਦਾ ਉਜਾੜ


ਸ਼ਬਦ ਤੇ ਸਿਵਾ

ਸ਼ਬਦ ਦੀ ਹੋਂਦ
ਤੇ ਸਿਵੇ ਦੇ ਅਹਿਸਾਸ ਦਾ ਹੀ ਨਾਮ-ਜ਼ਿੰਦਗੀ

ਸ਼ਬਦ ਜੋ ਉਣਦਾ
 ਘੜਦਾ
 ਚੁਰਾਉਂਦਾ ਹਵਾ ਤੋਂ ਨਾਦ
 ਕੁਦਰਤ ਤੋਂ ਰੰਗ
 ਮਨ ਤੋਂ ਅਹਿਸਾਸ
  ਤੇ ਖਿਲਾਰ ਦਿੰਦਾ
  ਸਾਡੇ ਤੁਹਾਡੇ ਮਨਾਂ 'ਚ
  ਸਤਰੰਗੀਆਂ ਕਿਰਨਾਂ
ਸ਼ਬਦ ਜੋ ਸੁਪਨਿਆਂ ਦਾ ਅਨੁਵਾਦ ਹੈ

ਸਿਵਾ ਬਲਦਾ ਹਮੇਸ਼ਾ
ਕਰ ਦਿੰਦਾ ਹੈ ਸ਼ਾਂਤ
ਫੈਲਦੇ - ਖੌਲਦੇ
 ਸਮੁੰਦਰ ਵਰਗੇ ਤਨ ਮਨ ਨੂੰ

ਸਿਵੇ ਦਾ ਸੁਲਗਣਾ
ਧੁਖਣਾ
ਜ਼ਿੰਦਗੀ ਦਾ ਦੂਸਰਾ ਸੱਚ ਹੈ

ਪਹਿਲਾ ਸ਼ਬਦ ਹੈ
ਸੰਚਾਰ ਹੈ
ਮਿੱਟੀ ਦੀ ਧੁਖਦੀ ਛਾਤੀ ਦਾ
ਜ਼ਿੰਦਗੀ -
ਸ਼ਬਦ ਦੀ ਹੋਂਦ
ਤੇ ਸਿਵੇ ਦਾ ਅਹਿਸਾਸ

P

ਅੱਖਰ ਅੱਖਰ
ਸਤਰ ਸਤਰ ਨਾਲ ਉਲਝਦਾ-ਖੇਡਦਾ
ਸੁਪਨੇ ਸਿਰਜਦਾ
ਰੰਗਾਂ ਚਿਹਰਿਆਂ ਨਦੀਆਂ ਪੱਤਿਆਂ 'ਚ
 ਅਨੁਵਾਦ ਕਰਦਾ
ਹਰ ਤਰਫ਼ ਦੀਆਂ ਗੱਲ•ਾਂ ਤੇ
ਪਿਆਰ ਭਰੀਆਂ ਚਪਤਾਂ ਲਾਉਂਦਾ
ਉਹ ਸ਼ਾਇਰ ਅਚਾਨਕ ਚਲਾ ਗਿਆ
ਸਭ ਕੁਝ ਉਵੇਂ ਹੀ ਛੱਡਕੇ
ਖਿਲਰੇ ਪੰਨੇ 
 ਡਾਇਰੀਆਂ
  ਕਵਿਤਾਵਾਂ
ਤੇ ਉਹ ਸਭ ਸੁਪਨੇ
ਜੋ ਸਿਰਫ਼ ਉਸ ਨੇ ਦੇਖੇ ਸਨ

ਉਹ ਚਲਾ ਗਿਆ ਸਦਾ ਲਈ
ਤੇ ਆ ਗਏ
ਕਵੀ ਦੋਸਤ ਤੇ ਕਲਾ-ਸਾਹਿਤ ਦੇ ਦੁਕਾਨਦਾਰ
ਇਕੱਠੇ ਹੋ ਗਏ
ਸੁੰਘਦੇ ਲੱਭਦੇ ਉਸਦੀਆਂ ਕਵਿਤਾਵਾਂ
ਤੇ ਛਾਪ ਦਿੱਤੀ ਇਕ ਕਿਤਾਬ
ਅੰਤਿਮ ਹਰਫ਼
ਆਖ਼ਰੀ ਸੁਪਨਾ
ਸਮੁੱਚਾ ਕਾਵਿ
ਆਖਰੀ ਸਲਾਮ
 ਵਗੈਰਾ ਵਗੈਰਾ
 ਪਤਾ ਨਹੀਂ ਕਿੰਨੇ ਨਾਮ ਰੱਖੇ ਸਭ ਨੇ
  ਆਪੋ ਆਪਣੇ
ਤੇ ਹੇਠਾਂ ਲਿਖ ਦਿੱਤਾ 
''——— ਸ਼ਾਇਰ ਦੀਆਂ ਆਖ਼ਰੀ ਕਵਿਤਾਵਾਂ''
ਦੇ ਦਿੱਤੀ ਸ਼ਰਧਾਂਜਲੀ
ਉਸ ਕਵੀ ਨੂੰ
ਜੋ ਹਰਫ਼ ਹਰਫ਼ ਨਾਲ ਹੱਸਿਆ ਖੇਡਿਆ
ਸੁਪਨੇ ਲਏ
ਹਜ਼ਾਰਾਂ ਰੰਗਾਂ ਨਾਵਾਂ ਥਾਵਾਂ ਦੇ
ਤੇ ਲਾਉਂਦਾ ਰਿਹਾ
ਸਤਰ ਸਤਰ ਦੀਆਂ ਗੱਲ•ਾਂ ਤੇ
ਪਿਆਰ ਭਰੀਆਂ ਚਪਤਾਂ

P

ਉੱਚੀਆਂ ਪਹਾੜੀਆਂ ਨੂੰ
ਅਪੜਨ ਅਪੜਨ ਕਰਦੀਆਂ
ਵਿੰਗ ਤੜਿੰਗੀਆਂ ਪਗਡੰਡੀਆਂ
ਵਿਚ ਪੱਥਰ ਊਬੜ ਖਾਬੜ

ਤੇ ਚੱਲ ਪਏ ਅਸੀਂ
ਸੋਟੀਆਂ ਸਹਾਰੇ
ਉਖੜਦੇ ਸਾਹੀਂ - ਦੁਖਦੇ ਅੰਗੀਂ
ਡਿਗੂੰ ਡਿਗੂੰ ਕਰਦੇ

ਕੌਣ ਪਹੁੰਚੂ ਪਹਿਲਾਂ
ਮਨੋ ਮਨੀਂ ਚਿਤਵਦੇ
ਦੇਵਾਂਗੇ ਸ਼ਾਬਾਸ਼ ਉਹਨਾਂ ਨੂੰ
ਜੋ ਪਹੁੰਚਣਗੇ ਪਹਿਲਾਂ

ਜੱਫੀਆਂ ਪਾ ਕੇ ਥਾਪੜੀਆਂ ਦੇ ਦੇ ਕੇ
ਦਿੱਤੀ ਸ਼ਾਬਾਸ਼ ਸਭ ਨੂੰ
ਬੱਚਿਆਂ ਨੂੰ ਜਵਾਨਾਂ ਨੂੰ
ਜੋ ਪਹੁੰਚੇ ਪਹਿਲਾਂ

ਜਿੱਤ ਦੇ ਇਸ ਜਸ਼ਨ ਨੂੰ ਦੇਖ ਰਿਹਾ ਸੀ
ਜੋ ਇਨ•ਾਂ ਸਾਰਿਆਂ ਦੇ
ਸਮਾਨ ਦਾ ਭਾਰਾ ਪਿੱਠੂ ਚੁੱਕੀ
ਪਹੁੰਚਿਆ ਸੀ ਸਭ ਤੋਂ ਪਹਿਲਾਂ
ਅੱਗੇ ਅੱਗੇ ਚੱਲਣ ਵਾਲਾ
ਉਹ ਪਹਾੜੀਆ ਬਹਾਦਰ!

P

ਕਿੰਨੀ ਮੂੰਹ-ਜ਼ੋਰ ਹੈ ਨਦੀ
ਪੱਥਰਾਂ ਨੂੰ ਪਲੋਸਦੀ
ਖਹਿੰਦੀ
ਸ਼ੋਰ ਮਚਾਉਂਦੀ
ਆਪਣੀਆਂ ਵੇਗ ਮੱਤੀਆਂ ਲਹਿਰਾਂ ਦੇ
 ਨਿਸ਼ਾਨ ਛੱਡਦੀ
ਪੱਥਰਾਂ ਦੇ ਸਿਰਾਂ ਤੇ ਕੰਘੀ ਕਰਦੀ
ਮੋਮ ਵਾਂਗ ਕੂਲ਼ਾ ਕੂਲ਼ਾ ਬਣਾਉਂਦੀ
....  .... .... ....
ਪੱਥਰ ਤੇ ਜੇ ਬੂੰਦ ਦਾ ਨਹੀਂ
ਤਾਂ ਬੂੰਦਾਂ ਦੀ ਅਥਾਹ ਮੁਹੱਬਤ ਦਾ ਅਸਰ ਤਾਂ
  ਜ਼ਰੂਰ ਹੁੰਦਾ ਹੈ

P

ਬੂੰਦਾਂ ਦੀ ਲਗਾਤਾਰਤਾ ਨੇ
ਸਿੱਲ•ੀ ਸਿੱਲ•ੀ ਹੋਂਦ ਨੇ
ਪੱਥਰਾਂ ਤੇ
ਉਗਾ ਦਿੱਤੀ ਹੈ ਹਰੀ ਹਰੀ ਕਾਈ
 ਫੁੱਟ ਪਏ ਨੇ ਨਿੱਕੇ ਨਿੱਕੇ ਪੱਤੇ
  - ਹਰੇ ਕਚੂਰ

ਕੀ ਇਹ ਪੱਥਰ ਹੀ ਨੇ ?

P

ਨਦੀ ਮੂੰਹ ਜ਼ੋਰ
ਅੰਨੇ ਵੇਗ 'ਚ ਵਹਿੰਦੀ
 ਸਭ ਕੁਝ ਵਹਾਉਂਦੀ

ਪਰ ਪੱਥਰ ਨੇ
ਸਾਹਣਾਂ ਵਾਂਗ ਭਿੜਦੇ
ਮੂੰਹ ਚਿੜਾਉਂਦੇ - ਅੜ•ਦੇ, ਖੜ•ਦੇ

ਮੂੰਹ ਜ਼ੋਰ ਨਦੀ ਦੇ ਵਹਾਅ ਨੂੰ
 ਚੀਰਦੇ
 ਬਦਲਦੇ
 ਚਿੰਘਾੜਦੇ - 

P

ਵਿਰਾਟ ... !!!
ਉੱਤਰ ਜਾਂਦਾ ਹੈ ਧੁਰ ਅੰਦਰ
 ਇਹ ਲਫਜ਼

ਚਲਦੀ ਕਾਰ ਦੀ ਖਿੜਕੀ 'ਚੋਂ ਦੇਖਦਿਆਂ
 ਪਹਾੜ ਦੀ ਚੱਟਾਨੀ ਛਾਤੀ
 ਨਹੀਂ ਲਗਦਾ ਉਸਦਾ ਕੋਈ ਆਦਿ-ਅੰਤ
 ਨਾਲ ਨਾਲ ਸੜਕ ਦੇ
 ਕਿਸੇ ਦੈਂਤ ਵਾਂਗ ਭੈਅ ਮਈ

ਉਤਰਕੇ ਹੇਠਾਂ ਜਦ ਦੇਖਦਾ ਹਾਂ
ਤਾਂ ਉਸ ਪਹਾੜ ਦੇ ਨਾਲ
ਇਕ ਹੋਰ ਚੋਟੀ ਦਿਸਦੀ ਹੈ
 ਦੁੱਧ ਚਿੱਟੀ
ਦੈਂਤਾਕਾਰ ਪਹਾੜ ਦੇ ਸਿਰ ਤੇ
 ਕਲਗੀ ਵਾਂਗ ਚਮਕਦੀ

P

ਸ਼ਬਦ ਹੀ ਸੱਚ
ਜਿਵੇਂ ਵੀ ਜਿੱਥੇ ਵੀ ਜਿੱਧਰ ਵੀ ਫੈਲਦਾ ਹੈ
ਹਰ ਪਲ
ਇਕ ਨਵਾਂ ਸੱਚ ਹੀ ਤਾਂ ਸਿਰਜਦਾ ਹੈ

ਕਾਲ
ਇਕ ਸੱਚ ਹੈ -
ਫੈਲਦਾ ਸੁੰਗੜਦਾ ਅਨੰਤ
ਇਸਦੀ ਚਾਦਰ ਤੇ
ਮੈਂ ਜਿੱਥੇ ਵੀ ਉਚਾਰਦਾ ਹਾਂ ਸ਼ਬਦ

ਕਾਲ .... ਮੌਤ .... ਜ਼ਿੰਦਗੀ ....
ਉੱਥੇ ਹੀ ਉਹ ਸੱਚ ਹੈ
ਤੂੰ ਜਿੱਥੇ ਵੀ
ਇਸ ਚਾਦਰ ਤੇ ਬਹਿਕੇ
ਕਹਿ ਦੇਵੇਂ
ਮੌਤ ਨੂੰ ਜ਼ਿੰਦਗੀ 
ਜ਼ਿੰਦਗੀ ਨੂੰ ਮੌਤ
ਕਾਲ ਨੂੰ ਅਕਾਲ
ਪ੍ਰਕਾਸ਼ ਨੂੰ ਹਨੇਰ
ਉਥੇ ਵੀ ਉਹ ਸੱਚ ਹੈ

ਪਰ ਇਹ ਕਹਿਣ ਦੀ
ਸ਼ਬਦਾਂ ਨਾਲ
ਤੇ ਹੋਣ-ਥੀਣ ਦੀ
 ਉਸ ਚੱਕਰਵਾਤ 'ਚ
ਉਹ ਡਰ   ਭਓ   ਹੈਰਾਨੀ    ਖੁਸ਼ੀ
ਜੋ ਉੱਥਲ ਪੁੱਥਲ ਕਰਦੀ ਹੈ ਅੰਦਰ
 ਕੇਹਾ ਫਰਕ? ਕੇਹਾ ਸੱਚ?
ਇਹ ਜੋ ਤੇਰੀ ਮੇਰੀ ਚੁੱਪ ਦੌਰਾਨ
ਫੈਲਦਾ ਸੁੰਗੜਦਾ ਹੈ ਅੰਦਰ ਹੀ ਅੰਦਰ
ਕੀ ਹੈ?
ਰੰਗਾਂ ਰੌਸ਼ਨੀਆਂ ਹਨੇਰਿਆਂ ਵਿਚਕਾਰ ਪੱਸਰਿਆ
ਇਹ ਸੁੰਨ ਕਰ ਦੇਣ ਵਰਗਾ
ਆਵਾਜ਼ ਰੂਪ ਲਹਿਰ ਤੋਂ ਪਾਰ
ਇਹ ਚੁੱਪ ਦਾ ਪਾਸਾਰ
 ਕੀ ਹੈ?

P

ਹੇ ਮੌਤ
ਤੇਰੀ ਵਿਰਾਟਤਾ ਦੇ ਅੱਥਰੇ ਘੋੜਿਆਂ ਅੱਗੇ
ਸ਼ਬਦਾਂ ਦੀ ਨਿੱਕੀ ਜਹੀ ਸਤਰ ਜੋੜਦਾ ਹਾਂ

ਰੰਗਾਂ
ਸ਼ਬਦਾਂ
ਸੁਰਾਂ ਦੇ
ਮਾਸੂਮ ਖਰਗੋਸ਼ ਦੌੜਾਉਂਦਾ ਹਾਂ

ਤੇ ਕਰਦਾ ਹਾਂ
ਵੱਡੇ ਮਸਲਿਆਂ ਨਾਲ
ਛੋਟੇ ਛੋਟੇ ਸੰਵਾਦ

P

ਕੁੜੀਆਂ ਦਾ ਗਰਭ 'ਚ ਮਰਨਾ!!
 ਬੇਕਾਰ . . . ਕੁਝ ਵੀ ਨਹੀਂ
ਤੁਸੀਂ ਡਿਜ਼ਾਈਨਰ ਬੱਚਾ ਮੰਗਦੇ ਹੋ
ਪੈਸਾ ਖਰਚਦੇ ਹੋ
ਤੇ ਮਾਰ ਦਿੰਦੇ ਹੋ
ਹਜ਼ਾਰਾਂ ਦਿਮਾਗ਼ . . . ਸੈਕਸੀ ਜਿਸਮ . . . ਸਟਾਰ . . . ਮਾਡਲ. . . ਭਲਵਾਨੂ
ਗਰਭ 'ਚ ਕੁੜੀ ਦੇ ਮਾਰਨ ਨਾਲੋਂ 
ਗਰਭ ਠਹਿਰਨ ਤੋਂ ਪਹਿਲਾਂ ਹੀ
ਮਨ 'ਚ ਕਰਦੇ ਹੋ
ਹਜਾਰਾਂ ਮਾਡਲ ਮਨੁੱਖਾਂ ਦਾ ਕਤਲ!
ਮਨੁੱਖ ਨੇ ਸਹੂਲਤ ਦਿੱਤੀ
ਤੇ ਦੁੱਖ ਭੁਗਤਿਆ
ਤਰੱਕੀ ਤੇ ਟੋਏ -
ਨਾਲ ਨਾਲ ਚਲਦੇ ਨੇ

P

ਕਲੋਨ
ਅੱਜ ਦੀ ਨਹੀਂ
ਬਹੁਤ ਪੁਰਾਣੀ ਈਜਾਦ ਹੈ
ਅਸੀਂ ਤਾਂ
ਆਦਿ ਕਾਲ ਤੋਂ ਕਲੋਨਿੰਗ ਕਰਦੇ ਆਏ ਹਾਂ
ਕਲੋਨਿੰਗ
ਸੁਪਨਿਆਂ ਦੀ - ਸ਼ਬਦ ਦੀ
ਤਰੱਕੀ ਨੂੰ ਅਸੀਂ
ਚੇਨ 'ਚ ਦੇਖਦੇ ਹਾਂ
ਮਾਸ ਕਲੋਨਿੰਗ ਦੇ ਰੂਪ 'ਚ
ਤੇ ਇਹ ਸਭ
ਸਦੀਆਂ ਤੋਂ ਕਰ ਰਹੇ ਹਾਂ

ਅੱਜ ਤਾਂ ਇਹ ਸਭ
ਕਲੋਨ ਨੂੰ ਕੁਆਇੰਨ ਕਰਨ ਦੇ
ਆਨੰਦ ਤੇ ਟੈਰਰ 'ਚ
 ਜਿਉਂ ਰਹੇ ਨੇ
ਕਲੋਨਿੰਗ ਕਰਕੇ
ਚੀਨ-ਕਲਚਰ ਦੀ ਗੱਡੀ ਭਜਾ ਰਹੇ ਹਾਂ
ਪਰ ਸ਼ਬਦ ਤੋਂ ਵੱਧ
ਕਿਵੇਂ ਕਰ ਸਕਦੇ ਹਾਂ ਇਹ ਸਭ
ਕਲੋਨ
ਅੱਜ ਦੀ ਨਹੀਂ
ਬਹੁਤ ਪੁਰਾਣੀ ਈਜਾਦ ਹੈ

P

ਮੈਂ
ਮਨ ਦੇ ਸੁਰਾਂ 'ਚੋਂ
ਚੁਣਦਾ ਹਾਂ ਇਕ ਸੁਰ 'ਸਾਂ'
ਤਾਂ ਵੱਜ ਉਠਦੇ ਨੇ
ਸਭ ਸਾਜ਼
ਸਾਰੇ ਪੰਛੀ, ਜਾਨਵਰ, ਜੀਅ ਜਨੌਰ
ਕੁਦਰਤ ਸਾਰੀ
ਮੇਰੀ ਜਾਤ ਦੀ ਸੱਭੇ ਜੀਅ
ਕਹਿ ਉਠਦੇ ਨੇ ਇਕੋ ਪਲ
ਸਾ . . . ਾ . . . ਾ . . . ਾ
ਇੱਕ ਆਨੰਦ 'ਸਾ'
ਮੈਂ ਪਹਿਲੇ ਸੁਰ ਨੂੰ ਸੁਣਨ 'ਚ
ਆਨੰਦ ਲੈ ਰਿਹਾ ਹਾਂ
ਪੂਰੇ ਸੁਰਾਂ ਬਾਰੇ ਜਾਨਣਾ
ਸਭ ਸੁਰ ਵਜਾਉਣਾ
ਜ਼ਰੂਰੀ ਨਹੀਂ
ਕਾਫ਼ੀ ਹੈ
ਸਾਰੀ ਕਾਇਨਾਤ ਨੂੰ ਜਗਾਉਣ ਲਈ
ਇਕੋ ਹੀ ਸੁਰ 'ਸਾ . . . '


ਕਿਤਾਬ ਜਾਗਦੀ ਹੈ

ਖਰੀਦੋ - ਰੱਖੋ
ਪੜ•ੋ ਨਾ ਪੜ•ੋ
ਘਰ ਦੇ ਰੈਕ 'ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ• ਨਹੀਂ ਸਕਦੇ
 ਯਾਦ ਨਹੀਂ ਰੱਖ ਸਕਦੇ
ਸੌਣ ਦਿਉ ਕਿਤਾਬ ਨੂੰ
ਮਹੀਨੇ ਸਾਲ ਪੀੜ•ੀ ਦਰ ਪੀੜ•ੀ
 ਉਡੀਕ ਕਰੋ
 ਜਾਗੇਗੀ ਕਿਤਾਬ

ਕਿਸੇ ਦਿਨ ਕਿਸੇ ਪਲ
ਪੜੇ•ਗਾ ਕੋਈ
ਜਿਸਨੇ ਨਹੀਂ ਖਰੀਦਣੀ ਸੀ
 ਇਹ ਕਿਤਾਬ